- ਰਵੀਇੰਦਰ ਸਿੰਘ ਨੇ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਬੇਕਦਰੀ ਲਈ ਜ਼ੁੰਮੇਵਾਰ ਕਰਾਰ ਦਿੱਤਾ
- ਗੁਰੂ ਰਾਮ ਦਾਸ ਮੈਡੀਕਲ ਯੂਨੀਵਰਸੀਟੀ ਦੇ ਡਾਕਟਰਾਂ ਖੁਦ ਇਲਾਜ ਕਰਨ ਦੀ ਥਾਂ ਭਾਈ ਸਾਹਿਬ ਨੂੰ ਗੁਰੂ ਨਾਨਕ ਹਸਪਤਾਲ ਕਿਉਂ ਰੈਫਰ ਕੀਤਾ?
- ਰਾਸ਼ਟਰਪਤੀ ਵੱਲੋਂ ਸਨਮਾਨਿਤ ਭਾਈ ਸਾਹਿਬ ਦੀ ਅਮ੍ਰਿਤਸਰ ਦੇਹ ਰੋਲਣ ਦੀ ਅਲੋਚਨਾ-ਰਵੀਇੰਦਰ ਸਿੰਘ
ਚੰਡੀਗੜ੍ਹ, 3 ਅਪ੍ਰੈਲ 2020 - ਰਾਸ਼ਟਰਪਤੀ ਐਵਾਰਡ ਨਾਲ ਸਨਮਾਨਤ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਸਾਬਕਾ ਹਜ਼ੂਰੀ ਰਾਗੀ ਦੀ ਮ੍ਰਿਤਕ ਦੇਹ ਨੂੰ ਸਸਕਾਰ ਕਰਨ ਸਮੇਂ ,ਜਿਸ ਤਰ੍ਹਾਂ ਬੇਕਦਰ ਕੀਤਾ ਗਿਆ,ਇਸ ਦੀ ਉਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ,ਤਾਂ ਜੋ ਭਵਿੱਖ ਵਿਚ ਅਜਿਹਾ ਵਰਤਾਰਾ ਕਰਨ ਦੀ ਕੋਈ ਵੀ ਹਿੰਮਤ ਨਾ ਕਰ ਸਕੇ। ਇਹ ਮੰਗ ਰਵੀਇਦਰ ਸਿੰਘ ਪ੍ਰਧਾਨ ਅਕਾਲੀ ਦਲ 1920 ਤੇ ਸਾਬਕਾ ਸਪੀਕਰ ਪੰਜਾਬ ਵਿਧਾਨ ਨੇ ਕਰਦਿਆਂ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਇਸ ਦਾ ਨੋਟਿਸ ਲੈਣ ਲਈ ਜ਼ੋਰ ਦਿੱਤਾ ਹੈ।
ਉਨ੍ਹਾਂ ਇਹ ਮਸਲਾ ਗੰਭੀਰ ਆਖਦਿਆਂ, ਅੰਮ੍ਰਿਤਸਰ ਪ੍ਰਸ਼ਾਸਨ ਨੂੰ ਇਸ ਲਈ ਜੁੰਮੇਵਾਰ ਕਰਾਰ ਦਿੱਤਾ, ਜਿਨ੍ਹਾਂ ਰਜਿਸਟਰਡ ਸ਼ਮਸਾਨ ਘਾਟ, ਚੌਕ ਚਾਟੀਵਿੰਡ ਅਤੇ ਦੁਰਗਿਆਣਾ ਮੰਦਰ ਨਜ਼ਦੀਕ, ਨਿਰਮਲ ਸਿੰਘ ਦੀ ਮ੍ਰਿਤਕ ਦੇਹ ਲੈ ਜਾਣ ਦੀ ਥਾਂ ਕਸਬਾ ਵੇਰਕਾ ਸਥਿਤ ਸ਼ਮਸ਼ਾਨ ਘਾਟ ਲੈ ਗਏ। ਅਖਬਾਰੀ ਖਬਰਾਂ ਦੇ ਹਵਾਲੇ ਨਾਲ ਸਾਬਕਾ ਸਪੀਕਰ ਰਵੀਇੰਦਰ ਸ਼ਿੰਘ ਨੇ ਕਿਹਾ ਕਿ ਚਾਟੀਵਿੰਡ ਸ਼ਮਸ਼ਾਨ ਘਾਟ ਨਜ਼ਦੀਕ ਹੀ ਭਾਈ ਨਿਰਮਲ ਸਿੰਘ ਦਾ ਘਰ ਹੈ। ਚਾਟੀਵਿੰਡ ਗੇਟ ਵਾਂਗ ਹੀ ਕਸਬਾ ਵੇਰਕਾ ਦਾ ਸ਼ਮਸ਼ਾਨ ਘਾਟ ਵੀ ਸੰਘਣੀ ਅਬਾਦੀ ਵਿੱਚ ਹੈ।
ਪ੍ਰੈਸ-ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਯੂਨੀਵਰਸਿਟੀ ਅੰਮ੍ਰਿਤਸਰ ਦੇ ਹਸਪਤਾਲ ਵਿਚ ਪਦਮ ਸ੍ਰੀ ਨਿਰਮਲ ਸਿੰਘ ਦਾ ਇਲਾਜ ਚੱਲਦਾ ਰਿਹਾ, ਪਰ ਉਥੋਂ ਦੇ ਡਾਕਟਰਾਂ ਉਨਾ ਨੂੰ ਗੁਰੂ ਨਾਨਕ ਹਸਪਤਾਲ ਰੈਫਰ ਕਿਉਂ ਕੀਤਾ ? ਇਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।ਉਨਾ ਪੰਜਾਬ ਸਰਕਾਰ ਤੇ ਜ਼ੋਰ ਦਿੱਤਾ ਕਿ ਉਹ ਭਵਿੱਖ ਵਿਚ ਅਜਿਹੇ ਕਾਂਡ ਰੋਕਣ ਲਈ ਠੋਸ ਨੀਤੀ ਬਣਾਵੇ ਤੇ ਸਖਤੀ ਨਾਲ ਉਸ ਦੀ ਪਾਲਣਾ ਕਰੇ। ਰਵੀਇੰਦਰ ਸਿੰਘ ਨੇ ਬੜੇ ਅਫਸੋਸ ਨਾਲ ਕਿਹਾ ਕਿ ਜੇਕਰ ਭਾਈ ਸਾਹਿਬ ਦੀ ਮ੍ਰਿਤਕ ਦੇਹ ਦੀ ਬੇਕਦਰੀ ਇਸ ਤਰ੍ਹਾਂ ਹੋ ਸਕਦੀ ਹੈ ਤਾਂ ਆਮ ਵਿਅਕਤੀ ਦਾ ਕੀ ਹਾਲ ਹੋਵੇਗਾ ?
ਉਨ੍ਹਾਂ ਬਾਦਲਾਂ ਤੇ ਨਿਸ਼ਾਨ ਸਾਧਦਿਆਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਤੇ ਏਕਾਧਿਕਾਰ ਬਣਾਈ ਬੈਠੇ ਹਨ, ਜਿਸ ਦਾ ਸਿਸਟਮ ਸ਼ੱਕ ਦੇ ਘੇਰੇ ਵਿਚ ਹੈ ।ਸ਼੍ਰੋਮਣੀ ਕਮੇਟੀ ਅਧੀਨ ਗੁਰੂ ਰਾਮ ਦਾਸ ਮੈਡੀਕਲ ਯੂਨੀਵਰਸਿਟੀ ਤੇ ਹਸਪਤਾਲ ਹੈ ਪਰ ਇਸ ਦੇ ਡਾਕਟਰ ਪਤਾ ਹੀ ਨਹੀ ਲਾ ਸਕੇ ਕਿ ਨਿਰਮਲ ਸਿੰਘ ਖਾਲਸਾ ਕੋਰੋਨਾ ਵਾਇਰਸ ਦੇ ਮਰੀਜ ਹਨ, ਜਿਸ ਦਾ ਉਹ ਇਲਾਜ ਕਰਦੇ ਰਹੇ ਹਨ। ਰਵੀਇੰਦਰ ਸਿੰਘ ਦੋਸ਼ ਲਾਇਆ ਕਿ ਬਾਦਲਾਂ ਦਾ ਸ਼ੋ੍ਰਮਣੀ ਕਮੇਟੀ ਤੇ ਕੰਟਰੋਲ ਹੋਣ ਕਰਕੇ ,ਸਿੱਖੀ ਦਾ ਪ੍ਰਚਾਰ ਹੀ ਨਹੀਂ ਹੋ ਰਿਹਾ ।ਇਸ ਕਾਰਨ ਸਿੱਖ,ਬਾਣੀ ਤੇ ਬਾਣੇਂ ਨਾਲ ਨਹੀਂ ਜੁੜ ਸਕੇ।
ਉਨ੍ਹਾਂ ਭਾਈ ਖਾਲਸਾ ਦੇ ਸਸਕਾਰ ਦੇ ਵਿਵਾਦ ਨਾਲ ਜੁੜੇ ਸਵਾਲ ਬਾਰੇ ਦੱਸਿਆ ਕਿ ਵਿਸ਼ਵ ਪੱਧਰ ਤੇ ਇਸਾਈ ਅਤੇ ਮੁਸਲਮ –ਭਾਈਚਾਰਾ ਮ੍ਰਿਤਕ ਦੇਹਾਂ ਜਮੀਨ-ਸੋਪੁਰਦ ਕਰਨ ਦੀ ਥਾਂ ਅਗਨ ਭੇਟ ਕਰਨ ਲਗ ਪਏ ਹਨ, ਇਸ ਨਾਲ ਕੀਟਾਣੂੰ ਨਸ਼ਟ ਹੋ ਜਾਂਦੇ ਹਨ।ਇਹ ਸਿਧਾਂਤ ਸਾਡੇ ਗੁਰੂ ਸਾਹਿਬਾਨ ਦਾ ਹੈ। ਸ.ਰਵੀਇੰਦਰ ਸਿੰਘ ਨੇ ਬੜੇ ਅਫਸੋਸ ਨਾਲ ਕਿਹਾ ਕਿ ਜਿਸ ਤਰਾਂ ਰਾਸ਼ਟਰਪਤੀ ਵਲੋਂ ਸਨਮਾਨਿਤ ਤੇ ਸੱਚਖੰਡ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਮ੍ਰਿਤਕਦੇਹ ਨੂੰ ਰੋਲਿਆ ਗਿਆ ,ਉਸ ਦੀ ਜਿੰਨੀ ਵੀ ਨਿੰਦਿਆਂ ਕੀਤੀ ਜਾਵੇ ,ਉਨੀਂ ਥੋੜੀ ਹੈ।