ਮੋਹਾਲੀ, 4 ਅਪ੍ਰੈਲ 2020 - ਜ਼ਿਲ੍ਹਾ ਮੋਹਾਲੀ ਅੰਦਰ ਕੋਰੋਨਾ ਵਾਇਰਸ ਦੇ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਕਾਰਨ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 15 ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ ਸਾਹਮਣੇ ਆਏ ਮਾਮਲਿਆਂ 'ਚ ਦੋ ਔਰਤਾਂ ਮੋਹਾਲੀ ਵਿਚਲੇ ਸੈਕਟਰ-91 ਦੀਆਂ ਰਹਿਣ ਵਾਲੀਆਂ ਹਨ, ਜੋ ਕਿ ਕੁੱਝ ਦਿਨ ਪਹਿਲਾਂ ਵਿਦੇਸ਼ ਤੋਂ ਆਈ ਆਪਣੀ ਇਕ ਮਹਿਲਾ ਰਿਸ਼ਤੇਦਾਰ ਦੇ ਸੰਪਰਕ 'ਚ ਆਈ ਸੀ, ਜੋ ਕਿ ਕੁੱਝ ਦਿਨਾਂ ਲਈ ਇਨ੍ਹਾਂ ਦੇ ਘਰ ਵਿਖੇ ਹੀ ਠਹਿਰੀ ਸੀ।
ਇਸ ਤੋਂ ਇਲਾਵਾ ਇਕ ਮਾਮਲਾ ਡੇਰਾਬਸੀ ਤਹਿਸੀਲ ਦੇ ਪਿੰਡ ਜਵਾਹਰਪੁਰ ਤੋਂ ਹੈ। ਇਸ ਮਰੀਜ਼ ਸਬੰਧੀ ਹਾਲੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ ਵਿਦੇਸ਼ੋਂ ਆਏ ਕਿਸੇ ਵਿਅਕਤੀ ਦੇ ਸੰਪਰਕ 'ਚ ਆਇਆ ਹੈ ਜਾਂ ਇਸ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੇ ਹੋਰ ਕਾਰਨ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਕਟਰ-91 ਦੇ ਸਬੰਧਿਤ ਖੇਤਰ ਅਤੇ ਪਿੰਡ ਜਵਾਹਰ ਪੁਰ ਨੂੰ ਸੀਲ ਕਰਕੇ ਸਬੰਧਿਤ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਦੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।