ਚੰਡੀਗੜ੍ਹ, 4 ਅਪ੍ਰੈਲ 2020 - ਦੁਨੀਆਂ 'ਚ ਕੋਰੋਨਾ ਵਾਇਰਸ ਵਧਦਾ ਹੀ ਜਾ ਰਿਹਾ ਹੈ ਅਤੇ ਇਸ ਦਾ ਅਜੇ ਤੱਕ ਕੋਈ ਵੀ ਇਲਾਜ ਨਹੀਂ ਮਿਲ ਰਿਹਾ। ਸਰਕਾਰਾਂ ਅਤੇ ਪ੍ਰਸ਼ਾਸਨ ਲਗਾਤਾਰ ਸਾਵਧਾਨੀਆਂ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਇਸ ਤੋਂ ਬਿਨਾਂ ਇਸ ਵੱਧ ਰਹੀ ਲਾਗ ਨੇ ਦੁਨੀਆਂ ਵਿਚ ਹਾਹਾਕਾਰ ਮਚਾ ਦਿੱਤੀ ਹੈ। ਅਜਿਹੇ ਸਮੇਂ ਚੀਨ ਵਿਚ ਚੋਟੀ ਦੇ ਵਿਗਿਆਨੀ ਨੇ ਚੇਤਾਵਨੀ ਦਿੱਤੀ ਹੈ ਕਿ ਬਿਨਾ ਮਾਸਕ ਲਗਾਏ ਬਾਹਰ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ। ਹਰ ਘੰਟੇ ਮੌਤ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਦੁਨੀਆਂ ਦੇ ਕਈ ਦੇਸ਼ਾਂ ਵਿਚ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ।
ਨਿਊਜ਼ 18 ਦੀ ਖਬਰ ਅਨੁਸਾਰ ਵੈਬਸਾਈਟ ਸਾਇੰਸ ਨੇ ਇਸ ਬਾਰੇ ਚੀਨੀ ਵਿਗਿਆਨੀ ਜਾਰਜ ਗਾਓ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹਰ ਇਕ ਲਈ ਮਾਸਕ ਪਹਿਨਣਾ ਜ਼ਰੂਰੀ ਹੈ। ਜਾਰਜ ਗਾਓ ਚਾਈਨੀਜ਼ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਮੁਖੀ ਹਨ। ਉਨ੍ਹਾਂ ਅਨੁਸਾਰ ਯੂਰਪ ਅਤੇ ਅਮਰੀਕਾ ਵਿੱਚ ਲੋਕ ਸਭ ਤੋਂ ਵੱਡੀ ਗਲਤੀ ਕਰ ਰਹੇ ਹਨ ਕਿ ਉਹ ਮਾਸਕ ਨਹੀਂ ਪਾ ਰਹੇ। ਇਹ ਵਾਇਰਸ ਬੂੰਦਾਂ ਅਤੇ ਲੋਕਾਂ ਨਾਲ ਸੰਪਰਕ ਰਾਹੀਂ ਫੈਲਦਾ ਹੈ। ਦਰਅਸਲ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਤੁਹਾਡੇ ਮੂੰਹ ਵਿਚੋਂ ਬੂੰਦਾਂ ਹਮੇਸ਼ਾ ਬਾਹਰ ਆ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ ਜੇ ਤੁਸੀਂ ਇੱਕ ਮਾਸਕ ਪਹਿਨਦੇ ਹੋ ਤਾਂ ਇਹ ਵਾਇਰਸ ਨੂੰ ਤੁਹਾਡੇ ਤੱਕ ਪਹੁੰਚਣ ਤੋਂ ਰੋਕਦਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਸੰਕਰਮਿਤ ਮਰੀਜ਼ ਦੇ ਸਾਹ ਲੈਣ ਸਮੇਂ ਇਹ ਵਾਇਰਸ ਹਵਾ ਵਿੱਚ ਚਲੇ ਜਾਂਦੇ ਹਨ। ਇਹੀ ਕਾਰਨ ਹੈ ਕਿ ਇਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਲੋਕਾਂ ਵਿਚ ਇਸ ਦੇ ਲੱਛਣ ਜਲਦੀ ਨਹੀਂ ਦਿਖਾਈ ਦਿੰਦੇ। ਅਜਿਹੀ ਸਥਿਤੀ ਵਿੱਚ ਇਸ ਬਿਮਾਰੀ ਤੋਂ ਬਚਣ ਲਈ ਲਾਕਡਾਊਨ ਅਤੇ ਅਲੱਗ ਰਹਿਣਾ ਬਹੁਤ ਮਹੱਤਵਪੂਰਨ ਹੈ।