ਅੰਮ੍ਰਿਤਸਰ, 4 ਅਪ੍ਰੈਲ 2020 - ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸ ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਤੇ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਇੱਕ ਸ਼ਾਂਝੇ ਬਿਆਨ ਵਿੱਚ ਸਾਰੀ ਉਮਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਦੀ ਸੇਵਾ ਕਰਨ ਵਾਲੇ ਤੇ ਭਾਰਤ ਸਰਕਾਰ ਵਲੋਂ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਭਾਈ ਸਾਹਿਬ ਭਾਈ ਨਿਰਮਲ ਸਿੰਘ ਦੀ ਮੌਤ ਦਾ ਠੀਕਰਾ ਗੁਰੂ ਰਾਮਦਾਸ ਯੂਨੀਵਰਸਿਟੀ ਤੇ ਗੁਰੂ ਰਾਮਦਾਸ ਹਸਪਤਾਲ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਉੱਚ ਅਧਿਕਾਰੀਆਂ ਸਿਰ ਭੰਨਦਿਆਂ ਕਿਹਾ ਕਿ ਭਾਈ ਸਾਹਿਬ ਦੀ ਮੌਤ ਨਹੀਂ ਹੋਈ ਸਗੋਂ ਉੱਚ ਅਧਿਕਾਰੀਆਂ ਦੀ ਅਣਗਿਹਲੀ ਕਾਰਨ ਉਨ੍ਹਾਂ ਦਾ ਕਤਲ ਹੋਇਆ ਹੈ।
ਫਿਰ ਸਭ ਤੋਂ ਮਾੜੀ ਗੱਲ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਸਸਕਾਰ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਅੰਮਿ੍ਰਤਸਰ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਸ ਤਰ੍ਹਾਂ ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹ ਲਈ ਤੇ ਅੰਮ੍ਰਿਤਸਰ ਸ਼ਹਿਰ ਦੇ ਸਭ ਸ਼ਮਸ਼ਾਨ ਘਾਟਾਂ ਦੇ ਦਰਵਾਜ਼ੇ ਭਾਈ ਸਾਹਿਬ ਜੀ ਦੇ ਸਸਕਾਰ ਲਈ ਬੰਦ ਕਰ ਦਿੱਤੇ। ਸਾਰਾ ਅੰਮ੍ਰਿਤਸਰ ਸ਼ਹਿਰ ਛੱਡ ਕੇ ਵੇਰਕੇ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਉਥੇ ਜੋ ਕੁੱਝ ਹੋਇਆਂ ਉਹ ਸਭ ਦੇ ਸਾਹਮਣੇ ਹੈ ਜ਼ਿਲ੍ਹਾ ਪ੍ਰਸ਼ਾਸਨ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਡਰਾਮੇ ਦੀ ਜ਼ੁਮੇਵਾਰੀ ਕਿਸੇ ਇੱਕ ਸਿਰ ਸੁੱਟ ਕੇ ਆਪਣੇ ਆਪ ਨੂੰ ਬਰੀ ਨਹੀਂ ਕਰ ਸਕਦੇ। ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਦੇ ਸਸਕਾਰ ਮੌਕੇ ਜ਼ਿਲ੍ਹਾ ਪ੍ਰਸ਼ਾਸਨ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਭਾਈ ਸਾਹਿਬ ਜੀ ਨੂੰ ਆਖਰੀ ਮੌਕੇ ਮਾਣ ਸਤਿਕਾਰ ਦੇਣਾ ਮੁਨਾਸਿਬ ਨਹੀਂ ਸਮਝਿਆਂ। ਇਹਨਾਂ ਖਿਲਾਫ ਦੁਨੀਆ ਭਰ ਵਿੱਚ ਭਾਰੀ ਗੁੱਸਾ ਤੇ ਰੋਹ ਪਾਇਆ ਜਾ ਰਿਹਾ ਹੈ ।
ਇਸੇ ਕਰਕੇ ਰਾਗੀ ਸਿੰਘਾਂ ਨੇ ਵੇਰਕਾ ਕਸਬੇ ਦਾ ਬਾਈਕਾਟ ਕਰਨ ਦਾ ਐਲਾਨ ਇਸ ਕਰਕੇ ਕੀਤਾ ਕਿ ਉਨ੍ਹਾਂ ਦੇ ਸੀਨੀਅਰ ਦਾ ਘੋਰ ਅਪਮਾਨ ਕੀਤਾ ਗਿਆ ਹੈ। ਜਿਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਨੇ ਪਦਮਸ੍ਰੀ ਨਾਲ਼ ਸਨਮਾਨਿਤ ਕੀਤਾ ਸੀ। ਜੇਕਰ ਦੇਸ਼ ਤੇ ਪੰਥ ਦੀ ਬੇਦਾਗ਼ ਧਾਰਮਿਕ ਸਨਮਾਨਿਤ ਧਾਰਮਿਕ ਸ਼ਖਸ਼ੀਅਤ ਦੇ ਇਲਾਜ ਤੇ ਸਸਕਾਰ ਮੌਕੇ ਇਸ ਤਰ੍ਹਾਂ ਹੋ ਸਕਦਾ ਹੈ ਤਾਂ ਆਮ ਬੰਦੇ ਦਾ ਤਾਂ ਫਿਰ ਰੱਬ ਹੀ ਰਾਖਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਜੋਰ ਦਿੱਤਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਇਲਾਜ ਤੇ ਸਸਕਾਰ ਸਬੰਧੀ ਉਹ ਸਖ਼ਤ ਨਿਯਮ ਬਣਾਉਣ ਅਤੇ ਉਨਾ ਦੀ ਪਾਲਣਾ ਕਰਵਾਕੇ ਆਮ ਜਨਤਾ ਨੂੰ ਜਾਗਰੂਕ ਕਰਨ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਮ੍ਰਿਤਕ ਦੇ ਸਸਕਾਰ ਮੌਕੇ ਦੁਬਾਰਾ ਇਸ ਤਰ੍ਹਾਂ ਦੀ ਸਥਿਤੀ ਨਾ ਬਣੇ । ਅਜੇ ਕਰੋਨਾ ਦਾ ਕਹਿਰ ਸਿਰ ਤੇ ਮੰਡਲਾ ਰਿਹਾ ਹੈ । ਜੇਕਰ ਨਿਯਮ ਬਣਾਉਣ ਬਾਅਦ ਵੀ ਕੋਈ ਵਿਅਕਤੀ ਵਿਸ਼ੇਸ , ਜਾਂ ਸੰਸਥਾ ਮਿ੍ਰਤਕ ਦੇਹ ਨੂੰ ਸਸਕਾਰ ਕਰਨ ਤੋ ਰੋਕ ਦੀ ਹੈ ਤਾਂ ਉਨਾ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇ। ਤਾਂ ਜੋ ਸਰੀਰ ਛੱਡ ਚੁੱਕੇ ਵਿਅਕਤੀ ਦੀ ਮ੍ਰਿਤਕ ਦੇਹ ਦਾ ਨਿਰਾਦਰ ਨਾ ਹੋਵੇ ਅਤੇ ਨਾ ਹੀ ਪੀੜਤ ਪਰਿਵਾਰ ਨੂੰ ਸਮਾਜਿਕ ਹੇਠੀ ਦਾ ਸਾਹਮਣਾ ਕਰਨਾ ਪਵੇ ।
ਉਨ੍ਹਾਂ ਨੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਤੇ ਹਸਪਤਾਲ ਵਾਇਸ ਚਾਂਸਲਰ ਤੇ ਬਾਦਲਾਂ ਦੇ ਬੀਬੇ ਪੁੱਤਰ ਤੇ ਪੰਥਕ ਸਫਾਂ ਵਿੱਚ ਹਮੇਸ਼ਾ ਵਿਵਾਦਾਂ ਕਾਰਨ ਨਿਸ਼ਾਨੇ ਤੇ ਰਹੇ ਡਾਕਟਰ ਏ ਪੀ ਸਿੰਘ ਤੇ ਸਿੱਧੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਜਦੋ ਗੁਰੂ ਰਾਮਦਾਸ ਹਸਪਤਾਲ ਵਿੱਚ ਭਾਈ ਸਾਹਿਬ ਦਾ ਇਲਾਜ ਚੱਲ ਰਿਹਾ ਸੀ ਤਾਂ ਉਨਾਂ ਨੂੰ ਗੁਰੂ ਨਾਨਕ ਹਸਪਤਾਲ ਕਿਉ ਸ਼ਿਫਟ ਕੀਤਾ ਗਿਆ ? ਕੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਉਹ ਭਾਈ ਸਾਹਿਬ ਦਾ ਬਲੱਡ ਤੇ ਹੋਰ ਟੈਸਟ ਕਰਵਾਉਣ ਦੇ ਅਸਮਰੱਥ ਸੀ। ਕੀ ਉਸ ਨੂੰ ਕਰੋਨਾ ਵਇਰਸ ਦੀ ਕੋਈ ਜਾਣਕਾਰੀ ਨਹੀ ਸੀ । ਉਨ੍ਹਾਂ ਕਿਹਾ ਸਾਡੇ ਭਰੋਸੇ ਯੋਗ ਸੂਤਰਾਂ ਦੱਸਿਆ ਹੈ ਕਿ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਹਸਪਤਾਲ ਵਿਖੇ ਭਾਈ ਸਾਹਿਬ ਜੇਰੇ ਇਲਾਜ ਦੌਰਾਨ ਉਨਾ ਨੂੰ ਗੁਰੂ ਨਾਨਕ ਹਸਪਤਾਲ ਰੈਫਰ ਕਰਨ ਬਾਅਦ ਵਿੱਚ ਉਨਾਂ ਦਾ ਕਮਰਾ ਜਾਂ ਵਾਰਡ ਨੂੰ ਸੈਨੇਟਾਇਜ ਕਰਕੇ ਮੁੜ ਉਥੇ ਮਰੀਜ ਸ਼ਿਫਟ ਕੀਤੇ ਗਏ। ਇਸ ਤੋ ਲੋਕ ਅੰਦਾਜਾ ਲਾ ਰਹੇ ਹਨ ਕਿ ਉਨਾਂ ਨੂੰ ਭਾਈ ਸਾਹਿਬ ਦੀ ਬਿਮਾਰੀ ਦਾ ਪਤਾ ਸੀ।