ਅਸ਼ਵਨੀ ਸ਼ਰਮਾ
ਗੜ੍ਹਸ਼ੰਕਰ, 04 ਅਪ੍ਰੈਲ 2020 - ਉੱਘੇ ਸਿੱਖ ਸਮਾਜ ਦੇਵੀ ਅਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਆਖਿਆ ਕਿ ਅੱਜ ਸਦੀਵੀ ਵਿਛੋੜਾ ਦੇਣ ਵਾਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਜਿੱਥੇ ਸਮੁੱਚੀ ਮਨੁੱਖਤਾ ਖ਼ਾਸ ਕਰਕੇ ਸਿੱਖ ਸੰਗਤ ਦੇ ਹਿਰਦਿਆਂ ਵਿੱਚ ਸਦਾ ਵਸੇ ਰਹਿਣਗੇ ਉੱਥੇ ਸਿੱਖ ਸਮਾਜ ਉਨ੍ਹਾਂ ਦਾ ਸਦਾ ਰਿਣੀ ਰਹੇਗਾ।
ਬਡਹੇੜੀ ਨੇ ਉਹਨਾਂ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਭਾਈ ਨਿਰਮਲ ਸਿੰਘ ਪਦਮ ਸ਼੍ਰੀ ਦਾ ਸਨਮਾਨ ਪ੍ਰਾਪਤ ਕਰਨ ਵਾਲ਼ੇ ਪਹਿਲੇ ਰਾਗੀ ਸਨ ਉਹਨਾਂ ਨੇ ਤੰਤੀ ਸਾਜ਼ਾਂ ਵਿੱਚ ਕੀਰਤਨ ਕਰਕੇ ਇਸ ਇਤਿਹਾਸਕ ਪ੍ਰੰਪਰਾ ਨੂੰ ਕਾਇਮ ਰੱਖਣ ਵਿੱਚ ਅਹਿਮ ਯੋਗਦਾਨ ਪਾਇਆ।
ਭਾਰੀ ਸਾਹਿਬ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਨਾਲ਼ ਸਾਰੀ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਵਾਹਿਗੁਰੂ ਕਿਰਪਾ ਕਰੇ ਉਹਨਾਂ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਪਰਿਵਾਰ ਅਤੇ ਕੌਮ ਨੂੰ ਇਹ ਸਦਮਾ ਬਰਦਾਸ਼ਤ ਕਰਨ ਦਾ ਬੱਲ ਬਖ਼ਸ਼ੇ।
ਵਾਹਿਗੁਰੂ ਭਾਈ ਸਾਹਿਬ ਦੇ ਪਰਿਵਾਰ ਜੋ ਕਰੋਨਾਵਾਇਰਸ ਦੇ ਕਾਰਨ ਇਲਾਜ਼ ਕਰਵਾ ਰਿਹੈ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਜਲਦੀ ਸਿਹਤਯਾਬੀ ਬਖ਼ਸ਼ੇ। ਇਸ ਦੇ ਨਾਲ਼ ਹੀ ਬਡਹੇੜੀ ਨੇ ਭਾਈ ਸਾਹਿਬ ਦਾ ਵੇਰਕਾ ਸ਼ਮਸ਼ਾਨ-ਘਾਟ ਵਿਖੇ ਅੰਤਿਮ ਸੰਸਕਾਰ ਨਾ ਕੀਤੇ ਜਾਣ ਵਾਲ਼ੀ ਕਰਤੂਤ ਦੀ ਘਟਨਾ ਨੂੰ ਮੂਰਖਤਾ ਅਤੇ ਨਿੰਦਣਯੋਗ ਕਰਾਰ ਦਿੱਤਾ।