ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 6 ਅਪ੍ਰੈਲ 2020 - ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ 'ਕੋਵਿਡ -19' ਦੇ 67 ਨਵੇਂ ਹੋਰ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 39 ਪੁਸ਼ਟੀ ਕੀਤੇ ਕੇਸ ਅਤੇ 28 ਸੰਭਾਵਿਤ ਮਾਮਲੇ ਹਨ। ਜਿਸ ਨਾਲ ਨਿਊਜ਼ੀਲੈਂਡ ਵਿੱਚ ਕੁੱਲ ਗਿਣਤੀ 1106 ਕੇਸਾਂ 'ਤੇ ਪਹੁੰਚ ਗਈ ਹੈ। ਕੋਰੋਨਾਵਾਇਰਸ ਤੋਂ ਨਿਜਾਤ ਪਾ ਗਏ ਲੋਕਾਂ ਦੀ ਗਿਣਤੀ 176 ਹੋ ਗਈ ਹੈ, ਜਦ ਕਿ ਇਕ ਦੀ ਮੌਤ ਹੋ ਚੁੱਕੀ ਹੈ।'
13 ਲੋਕ ਹਸਪਤਾਲ ਵਿੱਚ ਹਨ। ਜਿਨ੍ਹਾਂ 'ਚੋਂ 3 ਆਈ ਸੀ ਯੂ ਵਿੱਚ ਹਨ, 1 ਗੰਭੀਰ ਹਾਲਤ ਵਿੱਚ ਹੈ। 2 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ। ਰੋਜ਼ਾਨਾ ਟੈੱਸਟਾਂ ਦਾ ਸੱਤ ਦਿਨਾਂ ਦੀ ਰੋਲਿੰਗ ਪ੍ਰਤੀਸ਼ਤ 2846 ਹੈ ਅਤੇ ਕੁੱਲ ਮਿਲਾ ਕੇ ਸਿਰਫ਼ 40,000 ਟੈੱਸਟ ਪੂਰੇ ਕੀਤੇ ਗਏ ਹਨ। ਦੇਸ਼ ਭਰ ਵਿੱਚ 68 ਟੈਸਟਿੰਗ ਸੈਂਟਰ ਹਨ। ਮਨਿਸਟਰੀ ਆਫ਼ ਹੈਲਥ ਦੇ ਸਵੇਰੇ 9.00 ਵਜੇ ਦੇ ਵੇਰਵੇ ਅਨੁਸਾਰ 5 ਅਪ੍ਰੈਲ ਨੂੰ ਕੁੱਲ ਲੈਬ ਟੈੱਸਟਾਂ ਦੀ ਗਿਣਤੀ 3,709 ਰਹੀ ਹੈ। ਜਦੋਂ ਕਿ 9 ਮਾਰਚ ਤੋਂ 5 ਅਪ੍ਰੈਲ ਤੱਕ 39,918 ਟੈੱਸਟ ਹੋ ਚੁੱਕੇ ਹਨ ਤੇ 6 ਅਪ੍ਰੈਲ ਤੱਕ ਸਟਾਕ 'ਚ ਸਪਲਾਈ 44,571 ਹੈ।
ਦੇਸ਼ ਵਿੱਚ ਕੌਮੀਅਤ ਦੇ ਆਧਾਰ 'ਤੇ 73.5% ਯੂਰਪੀਅਨ, 8.4% ਏਸ਼ੀਆਈ, 7.8% ਮਾਓਰੀ ਅਤੇ 3.4% ਪੈਸੀਫਿਕ ਦੇ ਕੇਸ ਹਨ। ਇਨ੍ਹਾਂ ਵਿੱਚ 476 ਅੰਤਰਰਾਸ਼ਟਰੀ ਯਾਤਰਾ, 420 ਜਾਣੇ-ਪਛਾਣੇ ਸੰਪਰਕ, 22 ਕਮਿਊਨਿਟੀ ਟਰਾਂਸਮਿਸ਼ਨ ਅਤੇ 188 ਦੀ ਜਾਂਚ ਕੀਤੀ ਜਾ ਰਹੀ ਹੈ।
ਦੇਸ਼ ਵਿਚਲੇ 1106 ਕੇਸਾਂ ਵਿਚੋਂ 911 ਕਨਫਰਮ (ਰੋਗਗ੍ਰਸਤ) ਅਤੇ 195 ਪ੍ਰੋਬੈਬਲੀ (ਸੰਭਾਵੀ) ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 930 ਐਕਟਿਵ ਅਤੇ 176 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ 1 ਦੀ ਮੌਤ ਹੋਈ ਹੈ।