ਇਨਸਾਨੀਅਤ ਫਿਰ ਹੋਈ ਸ਼ਰਮਸ਼ਾਰ : ਲੁਧਿਆਣਾ ਮਗਰੋਂ ਅੰਮ੍ਰਿਤਸਰ ਦੇ ਪਰਿਵਾਰ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ
ਅੰਮ੍ਰਿਤਸਰ, 7 ਅਪ੍ਰੈਲ, 2020 : ਲੁਧਿਆਣਾ ਦੇ ਪਰਿਵਾਰ ਮਗਰੋਂ ਮਹਿਲਾ ਦੀ ਲਾਸ਼ ਲੈਣ ਤੋਂ ਇਨਕਾਰ ਕਰਨ ਮਗਰੋਂ ਅੱਜ ਇਨਸਾਨੀਅਤ ਫਿਰ ਉਦੋਂ ਸ਼ਰਮਸ਼ਾਰ ਹੋ ਗਈ ਜਦੋਂ ਅੰਮ੍ਰਿਤਸਰ ਵਿਚ ਪਰਿਵਾਰ ਨੇ ਕੋਰੋਨਾ ਕਾਰਨ ਮੌਤ ਦੇ ਮੂੰਹ ਪਏ ਜੀਅ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਦੇ ਇਨਕਾਰ ਮਗਰੋਂ ਜ਼ਿਲਾ ਪ੍ਰਸ਼ਾਸਨ ਨੇ ਲਾਸ਼ ਦਾ ਅੰਤਿਮ ਸਸਕਾਰ ਕੀਤਾ।
ਇਕ ਸਰਕਾਰੀ ਬਿਆਨ ਵਿਚ ਜ਼ਿਲਾ ਪ੍ਰਸ਼ਾਸਨ ਨੇ ਦੱਸਿਆ ਕਿ ਨਗਰ ਨਿਗਮ ਵਿਚ ਨਿਗਰਾਨ ਇੰਜੀਨੀਅਰ ਵਜੋਂ ਸੇਵਾ ਮੁਕਤ ਹੋਏ ਜਸਵਿੰਦਰ ਸਿੰਘ (65) ਦੀ ਮੌਤ ਫੋਰਟਿਸ ਹਸਪਤਾਲ ਵਿਚ ਹੋਈ ਸੀ। ਹਸਪਤਾਲ ਅਧਿਕਾਰੀਆਂ ਨੇ ਪਰਿਵਾਰ ਨੂੰ ਲਾਸ਼ ਲੈ ਕੇ ਜਾਣ ਵਾਸਤੇ ਆਖਿਆ ਪਰ ਪਰਿਵਾਰ ਵਿਚੋਂ ਕੋਈ ਨਹੀਂ ਆਇਆ। ਇਸ ਉਪਰੰਤ ਜ਼ਿਲਾ ਪ੍ਰਸ਼ਾਸਨ ਨੇ ਪਰਿਵਾਰ ਤੱਕ ਪਹੁੰਚ ਕੀਤੀ ਪਰ ਪਰਿਵਾਰ ਅੰਤਿਮ ਸਸਕਾਰ ਵਾਸਤੇ ਅੱਗੇ ਨਹੀਂ ਆਇਆ। ਆਖਿਕਾਰ ਜ਼ਿਲਾ ਪ੍ਰਸ਼ਾਸਨ ਵੱਲੋਂ ਐਸ ਡੀ ਐਮ, ਮਾਲੀਆ ਅਫਸਰ, ਨਗਰ ਨਿਗਮ ਤੇ ਸਿਹਤ ਵਿਭਾਗ ਦੀ ਟੀਮ ਨੇ ਲਾਸ਼ ਦਾ ਅੰਤਿਮ ਸਸਕਾਰ ਕੀਤਾ।
ਬਿਆਨ ਵਿਚ ਦੱਸਿਆ ਗਿਆ ਕਿ ਮ੍ਰਿਤਕ ਦੀ ਧੀ ਐਮ ਬੀ ਬੀ ਐਸ ਕੋਰਸ ਕਰ ਰਹੀ ਹੈ। ਪਰਿਵਾਰ ਵਿਚੋਂ ਕੋਈ ਵੀ ਪਰਿਵਾਰ ਸਸਕਾਰ ਮੌਕੇ ਸ਼ਮਸ਼ਾਨ ਘਾਟ ਵਿਚ ਵੀ ਨਹੀਂ ਪੁੱਜਾ।
ਦੱਸਣਯੋਗ ਹੈ ਕਿ ਜਸਵਿੰਦਰ ਸਿੰਘ ਦਾ ਪਹਿਲਾਂ ਸਰਕਾਰੀ ਮੈਡੀਕਲ ਕਾਲਜ ਵਿਚ ਟੈਸਟ ਨੈਗੇਟਿਵ ਆਇਆ ਸੀ ਪਰ ਸਿਹਤ ਵਿਚ ਸੁਧਾਰ ਨਾ ਹੋਣ ਮਗਰੋਂ ਉਸਨੂੰ ਫੋਰਟਿਸ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਜਿਥੇ ਉਸਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ।
ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੈ ਮੰਨਿਆ ਕਿ ਕੁਝ ਦਿਨ ਪਹਿਲਾਂ ਉਸਦਾ ਸਰਕਾਰੀ ਮੈਡੀਕਲ ਕਾਲਜ ਲੈਬ ਵਿਚ ਟੈਸਟ ਨੈਗੇਟਿਵ ਆਇਆ ਸੀ। ਫਿਰ ਉਸਨੂੰ ਫੋਰਟਿਸ ਲਿਜਾਇਆ ਜਿਥੇ ਉਸਨੂੰ ਪਾਜ਼ੀਟਿਵ ਐਲਾਨਿਟਾ ਗਿਆ। ਸਿਹਤ ਵਿਭਾਗ ਨੇ ਫਿਰ ਸੈਂਪਲ ਲਏ ਤੇ ਉਹ ਪਾਜ਼ੀਟਿਵ ਪਾਇਆ ਗਿਆ।
ਉਹਨਾਂ ਦੱਸਿਆ ਕਿ ਪਰਿਵਾਰ ਦੇ ਅੱਠ ਮੈਂਬਰਾਂ ਦੇ ਸੈਂਪਲ ਵੀ ਲਏ ਗਏ ਹਨ ਤੇ ਉਹਨਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਜਸਵਿੰਦਰ ਸਿੰਘ ਦੇ ਰਿਸ਼ਤੇਦਾਰਾਂ ਦੀ ਭਾਲ ਗਈ ਹੈ।