ਅਸ਼ੋਕ ਵਰਮਾ
ਮਾਨਸਾ, 7 ਅਪ੍ਰੈਲ 2020 - ਸਿਵਲ ਹਸਪਤਾਲ ਮਾਨਸਾ ਵਿਖੇ ਦਾਖ਼ਲ ਕਰੋਨਾ ਬਿਮਾਰੀ ਨਾਲ ਸਬੰਧਿਤ ਮਰੀਜ਼ਾਂ ਦੇ ਖਾਣੇ ਦਾ ਪ੍ਰਬੰਧ ਕਰਨ ਦਾ ਬੀੜ੍ਹਾ ਗੁਰਦੁਆਰਾ ਸਿੰਘ ਸਭਾ ਮੇਨ ਬਾਜ਼ਾਰ ਵੱਲੋਂ ਚੁੱਕਿਆ ਗਿਆ ਹੈ। ਮੰਗਲਵਾਰ ਨੂੰ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘਬੀਰ ਸਿੰਘ, ਮੈਂਬਰ ਬਲਵੀਰ ਸਿੰਘ ਔਲਖ ਅਤੇ ਸਮਾਜ ਸੇਵੀ ਤਰਸੇਮ ਸੇਮੀ ਵੱਲੋਂ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ: ਅਸ਼ੋਕ ਕੁਮਾਰ ਨੂੰ ਮਰੀਜ਼ਾਂ ਲਈ ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਵਸਤੂਆਂ ਦੀ ਕਿੱਟਾਂ ਭੇਂਟ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਰੀਜਾਂ ਨੂੰ ਜਾਰੀ ਕੀਤੀਆਂ ਹਦਾਇਤਾਂ ਨੂੰ ਧਿਆਨ ਚ ਰੱਖਦਿਆਂ ਹੀ ਗੁਰੂਘਰ ਵੱਲੋਂ ਇਹ ਲੰਗਰ ਤਿਆਰ ਕੀਤਾ ਜਾਇਆ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਸੇਵਾ ਸਿੱਖ ਕੌਮ ਵਿੱਚ ਅਹਿਮ ਸਥਾਨ ਰੱਖਣ ਵਾਲੇ ਭਾਈ ਕਨ੍ਹੱਈਆ ਜੀ ਦੇ ਦਰਸਾਏ ਰਸਤੇ 'ਤੇ ਕੀਤੀ ਜਾਵੇਗੀ। ਇਸ ਮੌਕੇ ਅਕਾਲੀ ਆਗੂ ਹਰਦੀਪ ਸਿੰਘ, ਗੁਰਦੀਪ ਸਿੰਘ ਦੀਪ, ਵਪਾਰ ਮੰਡਲ ਆਗੂ ਤਰਸੇਮ ਚੰਦ ਮਿੱਢਾ, ਹੈਡ ਗ੍ਰੰਥੀ ਟੇਕ ਸਿੰਘ, ਗਿਆਨੀ ਮੇਹਰ ਸਿੰਘ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ ਸੇਠੀ, ਬਲਵਿੰਦਰ ਸਿੰਘ, ਮਨੋਜ ਕੁਮਾਰ, ਭੁਪਿੰਦਰ ਸਿੰਘ ਮੁਨਸ਼ੀ, ਗੁਰਪ੍ਰੀਤ ਸਿੰਘ ਸੋਮਾ, ਅਮ੍ਰਿੰਤਪਾਲ ਸਿੰਘ, ਮਨਜੀਤ ਸਿੰਘ, ਜਸਵੀਰ ਸਿੰਘ ਆਦਿ ਹਾਜਰ ਸਨ।