ਕੋਰੋਨਾ ਕਾਰਨ ਲਾਲੂ ਨੂੰ ਮਿਲ ਸਕਦੀ ਹੈ ਜੇਲ੍ਹ ਵਿਚੋਂ ਛੁੱਟੀ
ਪਟਨਾ, 8 ਅਪ੍ਰੈਲ, 2020 : ਰਾਸ਼ਟਰੀ ਜਨਤਾ ਦਲ ਦੇ ਮੁਖੀ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ, ਜੋ ਕਿ ਚਾਰਾ ਘੁਟਾਲੇ ਦੇ ਮਾਮਲੇ ਵਿਚ ਰਾਂਚੀ ਜੇਲ੍ਹ ਵਿਚ ਸੱਤ ਸਾਲ ਦੀ ਸਜ਼ਾ ਕੱਟ ਰਹੇ ਹਨ, ਨੂੰ ਜਲਦੀ ਹੀ ਪੈਰੋਲ 'ਤੇ ਰਿਹਾਅ ਕੀਤਾ ਜਾ ਸਕਦਾ ਹੈ। ਇਹ ਰਿਹਾਈ ਦੇਸ਼ ਭਰ ਵਿਚ ਚਲ ਰਹੇ ਕੋਰੋਨਾ ਸੰਕਟ ਨੂੰ ਵੇਖਦਿਆਂ ਕੀਤੀ ਜਾ ਰਹੀ ਹੈ।
ਸੁਪਰੀਮ ਕੋਰਟ ਨੇ 24 ਮਾਰਚ ਨੂੰ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਸੱਤ ਸਾਲਾਂ ਦੀ ਸਜਾ ਕੱਟਣ ਵਾਲੇ ਕੈਦੀਆਂ ਨੂੰ ਪੈਰੋਲ 'ਤੇ ਰਿਹਾਅ ਕਰਨ ਬਾਰੇ ਵਿਚਾਰ ਕਰਨ ਲਈ ਉਚ ਪੱਧਰੀ ਕਮੇਟੀਆਂ ਦਾ ਗਠਨ ਕਰਨ ਜਿਸਦਾ ਮਕਸਦ ਜੇਲ੍ਹ ਂ ਵਿਚ ਕੋਰੋਨਾਵਾਇਰਸ ਫੈਲਣ ਤੋਂ ਰੋਕਣਾ ਸੀ। ਦੇਸ਼ ਭਰ ਵਿਚ ਕਈ ਜੇਲ੍ਹ ਵਿਚੋਂ ਬਹੁਤ ਸਾਰੇ ਕੈਦੀਆਂ ਨੂੰ ਪੈਰੋਲ 'ਤੇ ਰਿਹਾਅ ਕੀਤਾ ਗਿਆ ਹੈ ਤਾਂ ਜੋ ਸੋਸ਼ਲ ਡਿਸਟੈਂਸਿੰਗ ਯਕੀਨੀ ਬਣਾਈ ਜਾ ਸਕੇ।
ਲਾਲੂ ਦੇ ਪਰਿਵਾਰ ਨੇੜਲੇ ਸੂਤਰਾਂ ਮੁਤਾਬਕ ਲਾਲੂ ਕਈ ਗੰਭੀਰ ਬਿਮਾਰੀਆਂ ਤੋਂ ਪੀੜਤ ਹੈ ਤੇ ਇਸ ਲਈ ਉਸਨੂੰ ਕੋਰੋਨਾ ਹੋਣ ਦਾ ਵੀ ਖਤਰਾ ਹੈ। ਪਰਿਵਾਰ ਵੱਲੋਂ ਰਾਜ ਸਰਕਾਰ ਨੂੰ ਉਸਦੀ ਰਿਹਾਈ ਦੀ ਅਪੀਲ ਕੀ ਜਾ ਸਕਦੀ ਹੈ। ਲਾਲੂ ਪ੍ਰਸਾਦ ਯਾਦਵ ਦਾ ਇਸ ਵੇਲੇ ਰਾਜੇਂਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਰਾਂਚੀ ਵਿਚ ਇਲਾਜ ਚਲ ਰਿਹਾ ਹੈ। ਸੂਤਰਾਂ ਮੁਤਾਬਕ ਝਾਰਖੰਡ ਸਰਕਾਰ ਨੇ ਵੀ ਲਾਲੂ ਨੂੰ ਰਿਹਾਅ ਕਰਨ ਬਾਰੇ ਐਡਵੋਕੇਟ ਜਨਰਲ ਤੋਂ ਸਲਾਹ ਮੰਗੀ ਹੈ।