ਸਿਰਫ 15 ਫੀਸਦੀ ਟਰੱਕ ਸੜਕਾਂ 'ਤੇ, ਜ਼ਰੂਰੀ ਵਸਤਾਂ ਦੀ ਸਪਲਾਈ ਹੋਈ ਪ੍ਰਭਾਵਤ
ਨਵੀਂ ਦਿੱਲੀ, 8 ਅਪ੍ਰੈਲ, 2020 : ਟਰਾਂਸਪੋਰਟਰਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਚੇਨ ਬਹਾਲ ਕਰਨ ਵਿਚ ਮੁਸ਼ਕਿਲਾਂ ਦਰਪੇਸ਼ ਹਨ ਕਿਉਂਕਿ ਕੋਰੋਨਾਵਾਇਰਸ ਕਾਰਨ ਦੇਸ਼ ਵਿਚ ਕੁੱਲ ਟਰੱਕਾਂ ਵਿਚੋਂ ਸਿਰਫ 15 ਫੀਸਦੀ ਹੀ ਸੜਕਾਂ 'ਤੇ ਚਲ ਰਹੇ ਹਨ। ਇਹ ਖੁਲਾਸਾ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਕੀਤਾ ਹੈ।
ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇਸ਼ ਵਿਚ ਕਾਰਗੋ ਤੇ ਪੈਸੰਜਰ ਟਰਾਂਸਪੋਰਟਰ ਦੀ ਕੌਮੀ ਜਥੇਬੰਦੀ ਹੈ ਜੋ 84 ਸਾਲਾਂ ਤੋਂ ਸਰਗਰਮ ਹੈ। ਪ੍ਰਧਾਨ ਕੁਲਤਾਰਨ ਸਿੰਘ ਅਟਵਾਲ ਨੇ ਦੱਸਿਆ ਕਿ ਦੇਸ਼ ਵਿਚ ਇਸ ਵੇਲੇ 1 ਕਰੋੜ ਟਰੱਕ ਤੇ 55 ਲੱਖ ਟੂਰੀਸਟ ਬੱਸਾਂ ਤੇ ਅਪਰੇਟਰ ਹਨ। ਉਹਨਾਂ ਦੱਸਿਆ ਕਿ 12.5 ਲੱਖ ਟਰੱਕਾਂ ਕੋਲ ਰਾਸ਼ਟਰੀ ਪਰਮਿਟ ਹੈ ਪਰ ਲਾਕਡਾਊਨ ਕਾਰਨ ਇਸ ਵੇਲੇ 2 ਤੋਂ ਢਾਈ ਲੱਖ ਟਰੱਕ ਰਾਸ਼ਟਰ ਪਰਮਿਟ ਨਾਲ ਹੀ ਸੜਕਾਂ 'ਤੇ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਵਿਚ ਲੱਗੇ ਟਰਾਂਸਪੋਰਟਰਾਂ ਨੂੰ ਹੋਰ ਖੁਲ ਦੇਣੀ ਚਾਹੀਦੀ ਹੈ ੇ ਇਯ ਵਾਸਤੇ ਪਾਸ ਜਾਰੀ ਕਰਨੇ ਚਾਹੀਦੇ ਹਨ।
ਦਿੱਲੀ ਗੁਡਜ਼ ਟਰਾਂਸਪੋਰਟ ਆਰਗੇਨਾਈਜੇਸ਼ਨ ਦੇ ਪ੍ਰਧਾਨ ਰਾਜਿੰਦਰ ਕਪੂਰ ਨੇ ਦੱਸਿਆ ਕਿ ਸਾਡੇ ਦਫਤਰ ਦਾ ਸਟਾਫ ਲੋਡਿੰਗ ਤੇ ਅਨਲੋਡਿੰਗ ਵਾਲੀਆਂ ਥਾਵਾਂ 'ਤੇ ਸੁਪਰਵਿਜ਼ਨ ਵਾਸਤੇ ਜਾ ਨਹੀਂ ਸਕਦਾ ਕਿਉਂਕਿ ਉਹਨਾਂ ਕੋਲ ਪਾਸ ਨਹੀਂ ਹਨ। ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਕ ਡਰਾਈਵਰਾਂ ਨੂੰ ਪਾਸ ਦੀ ਜ਼ਰੂਰਤ ਨਹੀਂ ਹੈ ਤੇ ਉਹਨਾਂ ਦਾ ਡਰਾਇਵਿੰਗ ਲਾਇਸੰਸ ਹੀ ਜ਼ਰੂਰੀ ਵਸਤਾਂ ਦੀ ਸਪਲਾਈ ਵਾਸਤੇ ਪਾਸ ਹੈ। ਕਪੂਰ ਨੇ ਦੱਸਿਆ ਕਿ ਸਾਡੇ ਕੋਲ ਵੱਖ ਵੱਖ ਐਸੋਸੀਏਸ਼ਨਾਂ ਰਾਹੀਂ 1 ਕਰੋੜ ਟਰੱਕ ਹੈ ਪਰ ਇਹਨਾਂ ਨੂੰ ਚਲਾਉਣ ਵਾਸਤੇ ਡਰਾਈਵਰ ਨਹੀਂ ਹੈ। ਲੋਡਿੰਗ ਜਾਂ ਅਨ ਲੋਡਿੰਗ ਵਾਸਤੇ ਲੇਬਰ ਨਹੀਂ ਹੈ ਕਿਉਂਕਿ ਲਾਕ ਡਾਊਨ ਕਾਰਨ ਲੇਬਰ ਆਪਣੇ ਘਰਾਂ ਨੂੰ ਤੁਰ ਗਈ ਹੈ। ਲਾਕ ਡਾਊਨ ਕਾਰਨ ਟਰੱਕ ਕੋਇੰਬਟੂਰ, ਨਾਗਪੁਰ ਤੇ ਕੋਲਕਾਤਾ ਆਦਿ ਥਾਵਾਂ 'ਤੇ ਫਸ ਗਏ ਹਨ।
ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਦਾ ਕਹਿਣਾ ਹੈ ਕਿ ਪਾਸ ਪ੍ਰਾਪਤ ਕਰਨ ਦੀ ਪ੍ਰਕਿਰਿਆ ਸੁਖਾਲੀ ਬਣਾਉਣੀ ਚਾਹੀਦੀ ਹੈ।