ਹਰਦਮ ਮਾਨ
ਸਰੀ, 8 ਅਪ੍ਰੈਲ 2020 - ਅਲਬਰਟਾ ਦੇ ਪ੍ਰੀਮੀਅਰ ਜੈਸਨ ਕੇਨੀ ਨੇ ਅੱਜ ਟੀਵੀ ਰਾਹੀਂ ਸੂਬੇ ਦੇ ਲੋਕਾਂ ਦੇ ਸਨਮੁੱਖ ਹੁੰਦਿਆਂ ਸੁਚੇਤ ਕੀਤਾ ਹੈ ਕਿ ਜੇਕਰ ਮੌਜੂਦਾ ਸਥਿਤੀ ਹੋਰ ਕੁਝ ਸਮਾਂ ਬਰਕਰਾਰ ਰਹੀ ਤਾਂ ਗਰਮੀ ਦੇ ਮੌਸਮ ਦੇ ਅੰਤ ਤੱਕ ਸੂਬੇ ਵਿਚ 8 ਲੱਖ ਦੇ ਕਰੀਬ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਸਕਦੇ ਹਨ ਅਤੇ 400 ਤੋਂ 3,100 ਤੱਕ ਮੌਤਾਂ ਵੀ ਹੋ ਸਕਦੀਆਂ ਹਨ।
ਕੋਵਿਡ -19 ਮਹਾਂਮਾਰੀ ਨੂੰ ਅਜੋਕੀ ਪੀੜ੍ਹੀ ਦੀ ਸਭ ਤੋਂ ਵੱਡੀ ਚੁਣੌਤੀ ਦਸਦਿਆਂ ਜੈਸਨ ਕੈਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਇਕੋ ਸਮੇਂ ਤਿੰਨ ਔਕੜਾਂ ਨਾਲ ਨਜਿੱਠਣਾ ਪੈ ਰਿਹਾ ਹੈ- ਪਹਿਲਾ ਲੋਕਾਂ ਦੀ ਜਾਨ ਬਚਾਉਣਾ, ਦੂਜਾ ਤਬਾਹੀ ਕੰਢੇ ਪੁੱਜੀ ਆਰਥਿਕਤਾ ਦਾ ਮੁੜ ਨਿਰਮਾਣ ਅਤੇ ਤੀਜਾ ਲੋਕਾਂ ਦੀ ਸਿਹਤ ਦੇਖਭਾਲ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ ਉਸ ਅਨੁਸਾਰ ਮਈ ਦੇ ਅੱਧ ਤੱਕ ਅਲਬਰਟਾ ਨੂੰ ਕੋਰੋਨਾਵਾਇਰਸ ਦੀ ਸਭ ਤੋਂ ਵੱਡੀ ਮਾਰ ਸਹਿਣੀ ਪੈ ਸਕਦੀ ਹੈ।
ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਦੇ ਅਦਿੱਖ ਦੁਸ਼ਮਣ ਨੂੰ ਹਰਾਉਣ ਲਈ ਸਾਨੂੰ ਆਪਣੀ ਹਰ ਹਰਬਾ ਵਰਤਣਾ ਚਾਹੀਦਾ ਹੈ। ਇਸ ਮਹਾਂਮਾਰੀ ਨੂੰ ਰੋਕਣ ਲਈ ਅਸੀਂ ਜਿੰਨੀ ਹਿੰਮਤ ਦਿਖਾਵਾਂਗੇ, ਓਨੀ ਤੇਜ਼ੀ ਨਾਲ ਹੀ ਆਪਣੀ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰ ਸਕਾਂਗੇ।
ਅਲਬਰਟਾ ਦੀ ਤਾਜ਼ਾ ਹਾਲਤ ਅਨੁਸਾਰ ਕੋਵਿਡ-19 ਮਾਮਲਿਆਂ ਦੀ ਕੁੱਲ ਗਿਣਤੀ ਹੁਣ 1,373 ਹੈ, ਜਿਨ੍ਹਾਂ ਵਿੱਚੋਂ 447 ਬੰਦੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ 26 ਜਣਿਆਂ ਦੀ ਮੌਤ ਹੋ ਚੁੱਕੀ ਹੈ। ਬਹੁਗਿਣਤੀ ਕੋਵਿਡ -19 ਕੇਸ ਕੈਲਗਰੀ ਜ਼ੋਨ ਵਿਚ ਸਥਿਤ ਹਨ ਜਿੱਥੇ 835 ਕੇਸਾਂ ਦੀ ਪੁਸ਼ਟੀ ਹੋਈ ਹੈ, ਐਡਮਿੰਟਨ ਜ਼ੋਨ ਵਿਚ 358, ਉੱਤਰ ਜ਼ੋਨ ਵਿਚ 90, ਕੇਂਦਰੀ ਜ਼ੋਨ ਵਿਚ 66, ਦੱਖਣੀ ਜ਼ੋਨ ਵਿਚ 22 ਕੇਸ ਹਨ। 42 ਬੰਦੇ ਸੂਬੇ ਦੇ ਹਸਪਤਾਲਾਂ ਵਿਚ ਦਾਖ਼ਲ ਹਨ, ਜਿਨ੍ਹਾਂ ਵਿੱਚੋਂ 15 ਆਈਸੀਯੂ ਵਿਚ ਹਨ। ਮੰਗਲਵਾਰ ਤੱਕ ਅਲਬਰਟਾ ਵਿਚ ਕੋਵਡ -19 ਲਈ 67,117 ਲੋਕਾਂ ਦੇ ਟੈਸਟ ਕੀਤੇ ਗਏ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com