ਰਜਨੀਸ਼ ਸਰੀਨ
- ਨਵੀਂ ਜ਼ਿੰਦਗੀ ਦੇਣ ਲਈ ਸਰਕਾਰ, ਪ੍ਰਸ਼ਾਸਨ ਅਤੇ ਡਾਕਟਰਾਂ ਦਾ ਧੰਨਵਾਦ
- ਸਰਕਾਰ ਵੱਲੋਂ ਬਿਮਾਰੀ ਦੇ ਟਾਕਰੇ ਲਈ ਲਾਈਆਂ ਪਾਬੰਦੀਆਂ ਲੋਕ ਹਿੱਤ ’ਚ
ਨਵਾਂਸ਼ਹਿਰ, 8 ਅਪਰੈਲ 2020 - ਕੋਵਿਡ-19 ਤੋਂ ਸਿਹਤਯਾਬ ਹੋਣ ਬਾਅਦ ਬੋਲਦਿਆਂ ਸਰਪੰਚ ਹਰਪਾਲ ਸਿੰਘ ਪਠਲਾਵਾ ਨੇ ਇੱਥੇ ਆਖਿਆ ਕਿ ਇਸ ਬਿਮਾਰੀ ਨਾਲ ਬੁਲੰਦ ਹੌਂਸਲੇ ਨਾਲ ਲੜਨ ਦੀ ਲੋੜ ਹੈ ਨਾ ਕਿ ਡਰਨ ਦੀ। ਉਨ੍ਹਾਂ ਨੇ ਉਨ੍ਹਾਂ ਸਮੇਤ ਪਠਲਾਵਾ ਦੇ ਕੋਵਿਡ-19 ਪੀੜਤਾਂ ਨੂੰ ਨਵੀਂ ਜ਼ਿੰਦਗੀ ਦੇਣ ਲਈ ਸਰਕਾਰ, ਪ੍ਰਸ਼ਾਸਨ ਅਤੇ ਡਾਕਟਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਪ੍ਰਗਟਾਇਆ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਸਮੇਤ ਇੱਥੇ 18 ਮਰੀਜ਼ ਲਿਆਂਦੇ ਗਏ ਸਨ, ਜਿਨ੍ਹਾਂ ’ਚੋਂ 8 ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਦੋ ਹੋਰਾਂ ਦੇ ਪਹਿਲੇ ਟੈਸਟ ਨੈਗਟਿਵ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਸਟਾਫ਼ ਵੱਲੋਂ ਇੱਥੇ ਮਰੀਜ਼ਾਂ ਦੀ ਪੂਰੀ ਤਰ੍ਹਾਂ ਹੌਂਸਲਾ ਅਫ਼ਜ਼ਾਈ, ਲੋੜੀਂਦੀਆਂ ਦਵਾਈਆਂ ਅਤੇ ਗੁਰਦੁਆਰਾ ਸ੍ਰੀ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਬੇਨਤੀ ’ਤੇ ਭੇਜੇ ਜਾਂਦੇ ਪੌਸ਼ਟਿਕਤਾ ਭਰਪੂਰ ਲੰਗਰ ਨੇ ਉਨ੍ਹਾਂ ਨੂੰ ਚੜ੍ਹਦੀ ਕਲਾ ’ਚ ਰੱਖਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਆਪਣੇ ’ਚ ਤੇਜ਼ ਬੁਖਾਰ, ਸੁੱਕੀ ਖੰਘ ਜਾਂ ਸਾਹ ’ਚ ਤਕਲੀਫ਼ ਦੇ ਕੋਈ ਲੱਛਣ ਆਉਂਦੇ ਹਨ ਤਾਂ ਤੁਰੰਤ ਸਰਕਾਰੀ ਹਸਪਤਾਲ ਦੇ ਡਾਕਟਰਾਂ ਨਾਲ ਸੰਪਰਕ ਕਰੀਏ। ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਖੁਰਾਕ ਸਮੇਂ ਸਿਰ ਲਈ ਜਾਵੇ। ਬਿਮਾਰੀ ਹੋਣ ’ਤੇ ਘਬਰਾਉਣ ਦੀ ਬਜਾਏ ਹੌਂਸਲੇ ਨਾਲ ਤੇ ਹਾਂ-ਪੱਖੀ ਵਿਚਾਰਾਂ ਨਾਲ ਜ਼ਿੰਦਗੀ ਗੁਜ਼ਾਰੀ ਜਾਵੇ। ਪਾਣੀ ਗਰਮ ਪੀਤਾ ਜਾਵੇ, ਭਾਫ਼ ਲਈ ਜਾਵੇ ਅਤੇ ਲੋੜੀਂਦੀਆਂ ਦਵਾਈਆਂ ਲਈਆਂ ਜਾਣ, ਜੋ ਕਿ ਉਨ੍ਹਾਂ ਨੂੰ ਇਲਾਜ਼ ਦੌਰਾਨ ਮਿਲੀਆਂ।
ਉਨ੍ਹਾਂ ਗੱਲਬਾਤ ਦੌਰਾਨ ਸਰਕਾਰ ਵੱਲੋਂ ਬਿਮਾਰੀ ਦੀ ਰੋਕਥਾਮ ਲਈ ਲਾਈਆਂ ਪਾਬੰਦੀਆਂ ਦਾ ਪੂਰੀ ਤਰ੍ਹਾਂ ਪਾਲਣ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।