ਰਜਨੀਸ਼ ਸਰੀਨ
- 15 ਹਜ਼ਾਰ ਮਸਾਕ ਬਣਾਉਣ ਦਾ ਕੰਮ ਤਿੰਨ ਗਰੁੱਪਾਂ ਨੂੰ ਸੌਂਪਿਆਂ
- ਤਿਆਰ ਕੀਤੇ ਮਾਸਕ ਆਂਗਨਵਾੜੀ ਵਰਕਰਾਂ ਨੂੰ ਤੇ ਪਿੰਡਾਂ ’ਚ ਸੈਨੇਟਾਈਜ਼ਰ ਦਾ ਛਿੜਕਾਅ ਕਰਨ ਵਾਲੇ ਲੋਕਾਂ ਨੂੰ ਦਿੱਤੇ ਗਏ
- ਰੈਡ ਕਰਾਸ ਰਾਹੀਂ ਮੰਡੀਆਂ ਦੀ ਲੇਬਰ ਨੂੰ ਮੁੱਹਈਆ ਕਰਵਾਏ ਜਾਣ ਵਾਲੇ ਮਾਸਕ ਵੀ ਬਣਾਏ ਜਾ ਰਹੇ ਹਨ
ਨਵਾਂਸ਼ਹਿਰ, 8 ਅਪਰੈਲ 2020 - ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹੇ ’ਚ ਕਰਫ਼ਿਊ ਦੌਰਾਨ ਦੁਬਾਰਾ ਵਰਤੋਂ ’ਚ ਆਉਣ ਵਾਲੇ ਮਾਸਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੇੇ ਸਵੈ-ਸੇਵੀ ਗਰੁੱਪਾਂ ਪਾਸੋਂ 15 ਹਜ਼ਾਰ ਮਾਸਕ ਤਿਆਰ ਕਰਵਾਏ ਜਾ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਵਿੱਚੋਂ 5 ਹਜ਼ਾਰ ਮਾਸਕ ਤਾਂ ਤਿਆਰ ਕਰਵਾ ਕੇ ਵੰਡੇ ਵੀ ਜਾ ਚੁੱਕੇ ਹਨ। ਇਹ ਜ਼ਿਲ੍ਹੇ ’ਚ ਵਿਦੇਸ਼ ਤੋਂ ਪਰਤੇ ਐਨ ਆਰ ਆਈਜ਼ ਨੂੰ ਘਰਾਂ ’ਚ ਕੁਆਰਨਟਾਈਨ ਕਰਨ ਲਈ ਫ਼ੀਲਡ ਸਰਵੇਖਣ ਕਰ ਰਹੀਆਂ ਆਂਗਨਵਾੜੀ ਵਰਕਰਾਂ ਨੂੰ ਮੁਹੱਈਆ ਕਰਵਾਏ ਗਏ ਹਨ। ਇਸੇ ਤਰ੍ਹਾਂ ਪਿੰਡਾਂ ਨੂੰ ਸੈਨੇਟਾਈਜ਼ੇਸ਼ਨ ਕਰਨ ਦੀ ਚੱਲ ਰਹੀ ਮੁਹਿੰਮ ਤਹਿਤ ਲੱਗੇ ਹੋਏ ਕਰਮੀਆਂ ਨੂੰ ਵੀ ਮੁੱਹਈਆ ਕਰਵਾਏ ਗਏ ਹਨ। ਇਸ ਤੋਂ ਇਲਾਵਾ ਬੀ ਡੀ ਪੀ ਓਜ਼ ਨੂੰ ਲੋੜ ਮੁਤਾਬਕ ਇਨ੍ਹਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਵੈ-ਸੇਵੀ ਗਰੁੱਪਾਂ ਤੋਂ ਮਾਸਕ ਬਣਵਾਉਣ ਦਾ ਫ਼ੈਸਲਾ ਕਰਫ਼ਿਊ ਦੌਰਾਨ ਪ੍ਰਭਾਵਿਤ ਹੋਣ ਵਾਲੀ ਉਨ੍ਹਾਂ ਦੀ ਆਰਥਿਕਤਾ ਨੂੰ ਸਹਾਰਾ ਤੋਂ ਇਲਾਵਾ ਦੀ ਆਰਥਿਕਤਾ ਨੂੰ ਸਹਾਰਾ ਦੇਣ ਲਈ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਸਕ ਬਣਾਉਣ ਦੇ ਕੰਮ ’ਚ ਲੱਗੇ ਸਵੈ-ਸੇਵੀ ਗਰੁੱਪਾਂ ’ਚ ਉਡਾਨ ਸਵੈ ਸੇਵੀ ਗਰੁੱਪ ਰੈਲ ਮਾਜਰਾ, ਆਰਤੀ ਸਵੈ ਸੇਵੀ ਗਰੁੱਪ ਬੀਰੋਵਾਲ ਅਤੇ ਜਿਗਰ ਸਵੈ ਸੇਵੀ ਗਰੁੱਪ ਦੌਲਤਪੁਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ 10 ਰੁਪਏ ਪ੍ਰਤੀ ਮਾਸਕ ਦਿੱਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਅਗਲੇ ਦਿਨਾਂ ’ਚ ਮੰਡੀਆਂ ’ਚ ਸ਼ੁਰੂ ਹੋਣ ਜਾ ਰਹੇ ਖਰੀਦ ਸੀਜ਼ਨ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਵੱਲੋਂ ਮੰਡੀ ਦੀ ਲੇਬਰ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰਾਹੀਂ ਮਾਸਕ ਮੁਹੱਈਆ ਕਰਵਾਉਣ ਦਾ ਜੋ ਫ਼ੈਸਲਾ ਲਿਆ ਗਿਆ ਹੈ, ਉਸ ਲਈ 10 ਹਜ਼ਾਰ ਹੋਰ ਮਾਸਕ ਦੀ ਸਪਲਾਈ ਵੀ ਇਨ੍ਹਾਂ ਗਰੁੱਪਾਂ ਪਾਸੋਂ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਸਕਾਂ ਲਈ ਕੱਪੜੇ ਦੀ ਚੋਣ ਸਿਹਤ ਵਿਭਾਗ ਦੇ ਸੁਝਾਵਾਂ ਅਨੁਸਾਰ ਕੀਤੀ ਗਈ ਹੈ ਅਤੇ ਇਸ ਦੀ ਦੋਹਰੀ ਪਰਤ ਰੱਖੀ ਗਈ ਹੈ। ਇਹ ਮਾਸਕ ਕੱਪੜੇ ਦੇ ਹੋਣ ਕਾਰਨ ਇੱਕ ਵਾਰ ਵਰਤੋਂ ਬਾਅਦ ਧੋ ਕੇ ਦੁਬਾਰਾ ਵਰਤੋਂ ’ਚ ਲਿਆਂਦੇ ਜਾ ਸਕਦੇ ਹਨ।