ਹਰਿੰਦਰ ਨਿੱਕਾ
- ਫੌਰਟਿਸ ਹਸਪਤਾਲ ਲੁਧਿਆਣਾ ਚ ,8 ਅਪਰੈਲ ਨੂੰ ਹੋਈ ਸੀ ਮੌਤ
ਬਰਨਾਲਾ, 9 ਅਪਰੈਲ 2020 - ਬਰਨਾਲਾ ਦੇ ਮਹਿਲ ਕਲਾਂ ਕਸਬੇ ਦੀ ਰਹਿਣ ਵਾਲੀ ਕਰੀਬ 52 ਵਰਿਆਂ ਦੀ ਔਰਤ ਕਰਮਜੀਤ ਕੌਰ ਕੋਰੋਨਾ ਵਾਇਰਸ ਦੀ ਪਹਿਲੀ ਸ਼ਿਕਾਰ ਬਣੀ ਹੈ। ਕਰਮਜ਼ੀਤ ਕੌਰ ਲੌਕਡਾਉਨ ਲਾਗੂ ਹੋਣ ਤੋਂ ਪਹਿਲਾਂ ਹੀ ਲੁਧਿਆਣਾ ਜਿਲ੍ਹੇ ਦੇ ਪਿੰਡ ਪੱਖੋਵਾਲ ਵਿਖੇ ਆਪਣੇ ਪੇਕੇ ਘਰ ਗਈ ਹੋਈ ਸੀ। ਜਦੋਂ ਕਿ ਉਸ ਦਾ ਪਤੀ ਅਸਾਮ ਸੂਬੇ ਦੇ ਗੁਹਾਟੀ ਇਲਾਕੇ ਚ ਆਪਣਾ ਟਰੱਕ ਲੈ ਕੇ ਗਿਆ ਹੋਇਆ ਸੀ। ਕਰਮਜੀਤ ਦੇ ਪੇਕੇ ਪਰਿਵਾਰ ਦਾ ਇੱਕ ਜਣਾ ਪਹਿਲਾ ਵੀ ਕੋਰੋਨਾ ਪਾਜ਼ੀਟਿਵ ਆ ਚੁੱਕਾ ਹੈ। ਜਿਸ ਦਾ ਇਲਾਜ ਹਾਲੇ ਚੱਲ ਰਿਹਾ ਹੈ। ਜਿਲ੍ਹੇ ਚ ਕੋਰੋਨਾ ਦੀ ਪਹਿਲੀ ਮੌਤ ਹੋਣ ਕਾਰਣ ਮਹਿਲ ਕਲਾਂ ਤੇ ਆਂਢ-ਗੁਆਂਢ ਦੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸਿਹਤ ਵਿਭਾਗ ਦੀ ਟੀਮ ਦੀ ਹਦਾਇਤ ਤੇ ਪੁਲਿਸ ਨੇ ਕਰਮਜੀਤ ਕੌਰ ਦੇ ਘਰ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ ਨੂੰ ਪੂਰੀ ਤਰਾਂ ਸੀਲ ਵੀ ਕਰ ਦਿੱਤਾ ਹੈ। ਪਰੰਤੂ ਹਾਲੇ ਤੱਕ ਉਸ ਦੀ ਦੇਹ ਨੂੰ ਉਸਦੇ ਘਰ ਨਹੀਂ ਲਿਆਂਦਾ ਗਿਆ।
- ਕਰਮਜ਼ੀਤ 5/6 ਦਿਨ ਪਹਿਲਾਂ ਹੋਈ ਸੀ ਬੀਮਾਰ
ਕਰਮਜੀਤ ਕੌਰ ਦੇ ਦਿਉਰ ਜੌਹਲ ਨੇ ਦੱਸਿਆ ਕਿ ਕਰਮਜੀਤ ਕੌਰ ਆਪਣੇ ਪੇਕੇ ਘਰ ਪੱਖੋਵਾਲ ਹੀ ਗਈ ਹੋਈ ਸੀ। ਉੱਥੇ ਹੀ 5/6 ਦਿਨ ਪਹਿਲਾਂ ਬੀਮਾਰ ਹੋਈ ਜਿਸ ਨੂੰ ਲੁਧਿਆਣਾ ਦੇ ਫੌਰਟਿਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਜਿਸ ਨੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਇਲਾਜ਼ ਦੇ ਦੌਰਾਨ ਹੀ ਦਮ ਤੋੜ ਦਿੱਤਾ ਸੀ।
- ਡੀਸੀ ਲੁਧਿਆਣਾ ਦੀ ਸਲਾਹ ਨਾਲ ਰੋਕਿਆ ਗਿਆ ਸੀ ਪੋਸਟਮਾਰਟਮ
ਤੇਜ਼ ਬੁਖਾਰ ਅਤੇ ਸਾਹ ਲੈਣ ਵਿੱਚ ਆ ਰਹੀ, ਵੱਧ ਤਕਲੀਫ ਕਾਰਣ ਕਰਮਜੀਤ ਕੌਰ ਨੂੰ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਸੀ। ਇਸ ਦੀ ਮੌਤ ਤੋ ਬਾਅਦ ਡੀਸੀ ਲੁਧਿਆਣਾ ਪਰਦੀਪ ਅੱਗਰਵਾਲ ਦੀ ਸਲਾਹ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਇਸ ਦੇ ਕੋਵਿਡ 19 ਦੇ ਸੈਪਲ ਲੈਣ ਦੀ ਹਦਾਇਤ ਕੀਤੀ ਗਈ ਸੀ । ਜਿਲ੍ਹਾ ਬਰਨਾਲਾ ਦੇ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਕਰਮਜੀਤ ਕੌਰ ਮਹਿਲ ਕਲਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਹੋਣ ਬਾਰੇ ਪੁਸ਼ਟੀ ਕੀਤੀ ਹੈ। ਉਹਨਾਂ ਦੱਸਿਆ ਕਿ ਕਰਮਜੀਤ ਕੌਰ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ ਜਿਲੇ ਦੀ ਪਹਿਲੀ ਮੌਤ ਹੈ। ਉਹਨਾਂ ਕਿਹਾ ਕਿ ਮ੍ਰਿਤਕਾ ਦੀ ਟਰੈਵਲ ਹਿਸਟਰੀ ਤੇ ਉਸ ਦੇ ਸੰਪਰਕ 'ਚ ਆਏ ਵਿਅਕਤੀਆਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।