ਰਜਨੀਸ਼ ਸਰੀਨ
- ਸਮੂਹ ਪੰਚਾਇਤਾਂ ਨੂੰ ਆਪੋ-ਆਪਣਾ ਪਿੰਡ ਸਮੁੱਚੇ ਤੌਰ ’ਤੇ ਸੈਨੇਟਾਈਜ਼ ਕਰਵਾਉਣ ਦੀ ਹਦਾਇਤ
- ਹੁਣ ਤੱਕ ਤਿੰਨ ਵਾਰ ਮੁਕੰਮਲ ਸੈਨੇਨਾਈਜ਼ੇਸ਼ਨ ਕੀਤੀ ਜਾ ਚੁੱਕੀ ਹੈ
ਨਵਾਂਸ਼ਹਿਰ, 9 ਅਪ੍ਰੈਲ 2020 - ਸ਼ਹੀਦ ਭਗਤ ਸਿੰਘ ਨਗਰ ’ਚ ਕੋਰੋਮਾ ਵਾਇਰਸ ਦੀ ਰੋਕਥਾਮ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਆਰੰਭੇ ਯਤਨਾਂ ਤਹਿਤ ਸਮੁੱਚੀਆਂ 466 ਪੰਚਾਇਤਾਂ ਨੂੰ ਆਪੋ-ਆਪਣੇ ਪਿੰਡ ਨੂੰ ਸੈਨੇਟਾਈਜ਼ ਕਰਨ ਦੀ ਜ਼ਿੰਮੇਂਵਾਰੀ ਸੌਂਪੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 44 ਹਜ਼ਾਰ ਲੀਟਰ ਸੋਡੀਅਮ ਹਾਈਪ੍ਰੋਕਲੋਰਾਇਟ ਦੀ ਖੇਪ ਆ ਚੁੱਕੀ ਹੈ ਜੋ ਕਿ ਸਮੁੱਚੀਆਂ ਪੰਚਾਇਤਾਂ ਨੂੰ ਵੰਡ ਕੇ ਅੱਗੋਂ ਸੈਨੇਟਾਈਜ਼ੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਜ਼ਿਲ੍ਹੇ ਦੇ ਪਿੰਡ ਪਠਲਾਵਾ ਤੋਂ ਕੋਰਨਾ ਵਾਇਰਸ ਦੇ ਫੈਲਾਅ ਦੀ ਸ਼ੁਰੂਆਤ ਹੋਈ ਸੀ, ਉਸ ਦੇ ਮੱਦੇਨਜ਼ਰ ਪਠਲਾਵਾ ਅਤੇ ਆਸਪਾਸ ਦੇ ਸੀਲ ਕੀਤੇ ਪਿੰਡਾਂ ਨੂੰ ਸੈਨੇਟਾਈਜ਼ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਅਨੁਸਾਰ ਸਮੁੱਚੇ ਬਲਾਕ ’ਚ ਸੈਨੇਟਾਈਜ਼ ਟੀਮਾਂ ਦੀ ਸੁਰੱਖਿਆ ਲਈ ਵਿਸ਼ੇਸ਼ ਤੌਰ ’ਤੇ ਕੱਪੜੇ ਦੇ ਬਣਾਏ ਮਾਸਕ ਮੁਫ਼ਤ ਸਪਲਾਈ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਪ੍ਰਭਾਵਿਤ ਖੇਤਰਾਂ ’ਚ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 5 ਵਿਕਾਸ ਬਲਾਕ ਹਨ, ਜਿਨ੍ਹਾਂ ’ਚ 466 ਗਰਾਮ ਪੰਚਾਇਤਾਂ ਹਨ। ਵਿਭਾਗ ਵੱਲੋਂ ਬੀ ਡੀ ਪੀ ਓ ਦਫ਼ਤਰਾਂ ਰਾਹੀਂ ਗਰਾਮ ਪੰਚਾਇਤਾਂ ਤੱਕ ਸਪਲਾਈ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੈਨੇਟਾਈਜ਼ੇਸ਼ਨ ਦੇ ਤਿੰਨ ਗੇੜ ਮੁਕੰਮਲ ਕਰ ਲਏ ਗਏ ਹਨ ਅਤੇ ਚੌਥਾ ਗੇੜ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਿਵਲ ਸਰਜਨ ਪਾਸੋਂ ਪੁੱਛਿਆ ਗਿਆ ਹੈ ਕਿ ਜ਼ਿਲ੍ਹੇ ’ਚ ਸੈਨੇਟਾਈਜ਼ੇਸ਼ਨ ਦੇ ਹੋਰ ਕਿੰਨੇ ਗੇੜ ਚਲਾਏ ਜਾਣ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਮੂਹ ਗਰਾਮ ਪੰਚਾਇਤਾਂ ਨੂੰ ਆਪੋ-ਆਪਣੇ ਪਿੰਡ ’ਚ ਸਮਾਜਿਕ ਫ਼ਾਸਲੇ ਨੂੰ ਬਣਾਉਣ ਲਈ ਯਤਨ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਜੋ ਦੁੱਧ ਲੈਣ ਮੌਕੇ ਜਾਂ ਦਵਾਈ ਆਦਿ ਲੈਣ ਮੌਕੇ ਕੋਈ ਵੀ ਵਿਅਕਤੀ ਇੱਕ-ਦੂਸਰੇ ਦੇ ਨੇੜੇ ਨਾ ਆਵੇ। ਇਸ ਮੌਕੇ ਉਨ੍ਹਾਂ ਦੇ ਨਾਲ ਡੀ ਡੀ ਪੀ ਓ ਦਵਿੰਦਰ ਸ਼ਰਮਾ ਵੀ ਮੌਜੂਦ ਸਨ।