ਰੂਪਨਗਰ, 10 ਅਪ੍ਰੈਲ 2020 - ਜ਼ਿਲ੍ਹਾ ਰੂਪਨਗਰ ਦੀ ਗਰਾਮ ਪੰਚਾਇਤ ਘਨੌਲੀ ਦੀ ਲੇਡੀ ਸਰਪੰਚ ਕਮਲਜੀਤ ਕੌਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਸਸਕਾਰ ਪਿੰਡ ਘਨੌਲੀ ਦੀ ਸ਼ਮਸ਼ਾਨ ਘਾਟ ਵਿਖੇ ਕਰਨ ਸੰਬੰਧੀ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਲਿਖਿਆ ਕਿ ਜੇਕਰ ਉਨ੍ਹਾਂ ਦੇ ਜ਼ਿਲ੍ਹੇ 'ਚ ਕੋਈ ਵੀ ਮੌਤ ਕੋਰੋਨਾ ਵਾਇਰਸ ਕਾਰਨ ਹੁੰਦੀ ਹੈ ਤਾਂ ਉਸ ਦਾ ਸਸਕਾਰ ਪਿੰਡ ਘਨੌਲੀ ਦੀ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇ। ਜਿਸ 'ਤੇ ਉਨ੍ਹਾਂ ਦੇ ਪਿੰਡ ਵਾਸੀਆਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।
ਅਜਿਹਾ ਮਤਾ ਪਾਸ ਕਰਨ ਵਾਲਾ ਘਨੌਲੀ ਪਿੰਡ ਪੰਜਾਬ ਦਾ ਪਹਿਲਾ ਪਿੰਡ ਬਣ ਗਿਆ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੇ ਸਸਕਾਰ ਸਬੰਧੀ ਕਾਫੀ ਦਿੱਕਤਾਂ ਆ ਰਹੀਆਂ ਸਨ। ਪਰ ਹੁਣ ਏਸ ਪਿੰਡ ਵੱਲੋਂ ਆਪਣੇ ਜ਼ਿਲ੍ਹੇ 'ਚ ਕਿਸੇ ਵੀ ਪੀੜਤ, ਜਿਸਦੀ ਕੋਰੋਨਾ ਨਾਲ ਮੌਤ ਹੋਵੇਗੀ, ਉਸਦਾ ਸਸਕਾਰ ਪਿੰਡ ਘਨੌਲੀ ਦੇ ਸ਼ਮਸ਼ਾਨ ਘਾਟ 'ਚ ਕਰਨ ਲਈ ਮਤਾ ਪਾਸ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸਬੰਧੀ ਅਪੀਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਘਨੌਲੀ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਹਲਕੇ ਦੇ ਸਾਬਕਾ ਵਿਧਾਇਕ ਡਾ: ਦਲਜੀਤ ਸਿੰਘ ਚੀਮਾ ਦੇ ਹਲਕੇ ਵਿੱਚ ਪੈਂਦਾ ਹੈ। ਪਿੰਡ ਦੀ ਲੇਡੀ ਸਰਪੰਚ ਦਾ ਸਹੁਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ। ਡਾ. ਚੀਮਾ ਨੇ ਘਨੌਲੀ ਪਿੰਡ ਦੀ ਪੰਚਾਇਤ ਦੇ ਫੈਸਲੇ ਨੂੰ ਸ਼ਲਾਘਾਯੋਗ ਕਦਮ ਦੱਸਿਆ।