ਰਜਨੀਸ਼ ਸਰੀਨ
- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੁੱਲ ਅਤੇ ਫ਼ਲ ਸ਼ੁੱਭ ਕਾਮਨਾਵਾਂ ਵੱਲੋਂ ਭੇਟ ਕੀਤੇ ਗਏ
- ਜ਼ਿਲ੍ਹਾ ਹਸਪਤਾਲ ਦੀਆਂ ਐਂਬੂਲੈਂਸਾਂ ਛੱਡ ਕੇ ਆਈਆਂ ਘਰਾਂ ਤੱਕ
- ਤਿੰਨ ਹੋਰ ਮਰੀਜ਼ਾਂ ਦੇ ਆਈਸੋਲੇਸ਼ਨ ਸਮਾਂ ਮੁਕੰਮਲ ਹੋਣ ਬਾਅਦ ਪਹਿਲੀ ਵਾਰ ਕਰਵਾਏ ਟੈਸਟ ਨੈਗਟਿਵ ਆਏ
ਨਵਾਂਸ਼ਹਿਰ, 10 ਅਪਰੈਲ 2020 - ਜ਼ਿਲ੍ਹਾ ਹਸਪਤਾਲ ਦੇ ਕੁਆਰਨਟਾਈਨ ਵਾਰਡ ’ਚ ਮੌਜੂਦ ਕੋਰੋਨਾ ਤੋਂ ਮੁਕਤ 8 ਵਿਅਕਤੀ ਅੱਜ ਆਪਣੇ ਘਰਾਂ ਨੂੰ ਰਵਾਨਾ ਹੋ ਗਏ। ਜ਼ਿਲ੍ਹਾ ਹਸਪਤਾਲ ਦੀਆਂ ਐਂਬੂਲੈਂਸਾਂ ਇਨ੍ਹਾਂ ਸਿਹਤਯਾਬ ਹੋਏ ਵਿਅਕਤੀਆਂ ਅਤੇ ਬੱਚਿਆਂ ਨੂੰ ਘਰ ਤੱਕ ਛੱਡ ਕੇ ਆਈਆਂ। ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਇਨ੍ਹਾਂ ਨੂੰ ਰਵਾਨਾ ਹੋਣ ਤੋਂ ਪਹਿਲਾਂ ਤਹਿਸੀਲਦਾਰ ਕੁਲਵੰਤ ਸਿੰਘ ਨੇ ਫ਼ਲਾਂ ਦੀ ਨਿੱਕੀ ਟੋਕਰੀ ਸ਼ੁਭ ਕਾਮਨਾਵਾਂ ਵਜੋਂ ਭੇਟ ਕੀਤੀ।
ਜੈਕਾਰਿਆਂ ਦੀ ਗੂੰਜ ’ਚ ਐਂਬੂਲੈਂਸਾਂ ’ਚ ਰਵਾਨਾ ਹੋਏ ਇਨ੍ਹਾਂ ਠੀਕ ਹੋਏ ਮਰੀਜ਼ਾਂ ’ਚ ਬਾਬਾ ਗੁਰਬਚਨ ਸਿੰਘ ਪਠਲਾਵਾ, ਬਾਬਾ ਦਲਜਿੰਦਰ ਸਿੰਘ ਲਧਾਣਾ ਝਿੱਕਾ ਤੋਂ ਇਲਾਵਾ ਸਵਰਗੀ ਬਾਬਾ ਬਲਦੇਵ ਸਿੰਘ ਦੇ ਪੁੱਤਰ ਫ਼ਤਿਹ ਸਿੰਘ ਤੇ ਉਸ ਦੀ ਬੇਟੀ, ਤਿੰਨ ਭਤੀਜੀਆਂ ਤੇ ਇੱਕ ਭਤੀਜਾ ਅਤੇ ਇੱਕ ਭਾਣਜਾ ਸ਼ਾਮਿਲ ਹਨ।
ਐਸ ਐਮ ਓ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ 10 ਵਿਅਕਤੀਆਂ ਤੋਂ ਇਲਾਵਾ ਸਵਰਗੀ ਬਲਦੇਵ ਸਿੰਘ ਦੇ ਪਰਿਵਾਰ ਦੇ ਦੋ ਪੁੱਤਰਾਂ ਅਤੇ ਇੱਕ ਨੂੰਹ ਦੇ ਟੈਸਟ ਵੀ ਅੱਜ ਪਹਿਲੀ ਵਾਰ ਨੈਗੇਟਿਵ ਆਉਣ ਨਾਲ ਹੁਣ ਆਈਸੋਲੇਸ਼ਨ ਵਾਰਡ ’ਚ 5 ਮਰੀਜ਼ ਹੋਰ ਬਾਕੀ ਹਨ, ਜਿਨ੍ਹਾਂ ਦੇ ਸੈਂਪਲ ਭੇਜੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਮਰੀਜ਼ਾਂ ਦੀ ਸਿਹਤਯਾਬੀ ਕਲ੍ਹ ਨੂੰ ਇਨ੍ਹਾਂ ਦੇ ਦੁਬਾਰਾ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਐਲਾਨੀ ਜਾਵੇਗੀ।
ਉਨ੍ਹਾਂ ਇਸ ਮੌਕੇ ਆਈਸੋਲੇਸ਼ਨ ਵਾਰਡ ’ਚ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਵਜੋਂ ਸੇਵਾਵਾਂ ਨਿਭਾਉਣ ਵਾਲੇ ਹਸਪਤਾਲ ਦੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਉਨ੍ਹਾਂ ਵੱਲੋਂ ਕੀਤੀ ਤਨਦੇਹੀ ਨਾਲ ਡਿਊਟੀ ਬਾਅਦ 18 ’ਚੋਂ 10 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਅਤੇ ਤਿੰਨ ਸਿਹਤਯਾਬੀ ਵੱਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਣ ਆਸ ਹੈ ਕਿ ਬਾਕੀ ਦੇ ਪੰਜ ਮਰੀਜ਼ਾਂ ਦੇ ਸੈਂਪਲ ਵੀ ਨੈਗੇਟਿਵ ਆਉਣਗੇ ਅਤੇ ਉਹ ਵੀ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਜਾਣਗੇ।
ਡਾ. ਹਰਵਿੰਦਰ ਸਿੰਘ ਨੇ ਹਸਪਤਾਲ ਦੇ ਸਮੁੱਚੇ ਮੈਡੀਕਲ ਸਟਾਫ਼ ’ਚ ਡਾ. ਸਤਿੰਦਰਪਾਲ, ਡਾ. ਨਿਰਮਲ ਕੁਮਾਰ, ਡਾ. ਵਰਿੰਦਰ ਕੁਮਾਰ, ਡਾ. ਅਮਿਤ ਕੁਮਾਰ, ਡਾ. ਨੀਨਾ ਸ਼ਾਂਤ, ਮਾਈਕ੍ਰੋਬਾਇਓਲੋਜਿਸਟ ਰੁਪਿੰਦਰ ਸਿੰਘ, ਨਰਸਿੰਗ ਸਟਾਫ਼ ’ਚ ਰਾਜ ਰਾਣੀ, ਕਮਲਜੀਤ ਕੌਰ, ਰਣਜੀਤ ਕੌਰ, ਸਤਵਿੰਦਰ ਪਾਲ ਕੌਰ, ਗੁਰਪ੍ਰੀਤ ਕੌਰ, ਪਰਮਿੰਦਰ ਕੌਰ, ਦਿਲਪ੍ਰੀਤ, ਸੰਗੀਤਾ, ਰਵਿੰਦਰ ਕੌਰ, ਬਲਵਿੰਦਰ ਕੌਰ, ਗੁਰਵਿੰਦਰ ਕੌਰ, ਹਿਮਾਨੀ ਹਾਂਡਾ, ਅਮਨਦੀਪ ਕੌਰ, ਨੇਹਾ, ਸਤਵੀਰ ਕੌਰ, ਜੋਤੀ ਸਰੂਪ, ਕੌਂਸਲਰ ਮਨਦੀਪ ਕੌਰ, ਰੇਣੂਕਾ ਤੇ ਸੁਨੀਤਾ ਰਾਣੀ ਅਤੇ ਲੈਬ ਟੈਕਨੀਸ਼ੀਅਨਾਂ, ਫ਼ਾਰਮੇਸੀ ਸਟਾਫ਼, ਕਲੈਰੀਕਲ ਸਟਾਫ਼, ਦਰਜਾ ਚਾਰ ਅਤੇ ਐਂਬੂਲੈਂਸ ਡਰਾਈਵਰਾਂ ਵੱਲੋਂ ਇਨ੍ਹਾਂ ਦਿਨਾਂ ’ਚ ਨਿਭਾਈ ਜਾ ਰਹੀ ਡਿਊਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਸਪਤਾਲ ਦੇ ਸਮੁੱਚੇ ਸਟਾਫ਼ ਵੱਲੋਂ ਕੀਤੀ ਮੇਹਨਤ ਸਦਕਾ ਹੀ ਮਰੀਜ਼ ਸਿਹਤਯਾਬ ਹੋ ਰਹੇ ਹਨ।