- ਕੈਬਨਿਟ ਵੱਲੋਂ ਕੋਵਿਡ ਕਾਲ ਤੋਂ ਬਾਅਦ ਅਰਥਵਿਵਸਥਾ ਦੀ ਮੁੜ ਸੁਰਜੀਤੀ ਲਈ ਖਾਕਾ ਉਲੀਕਣ ਵਾਸਤੇ ਉਚ ਤਾਕਤੀ ਕਮੇਟੀ ਬਣਾਉਣ ਦਾ ਫੈਸਲਾ
- ਹਸਪਤਾਲਾਂ ਦੇ ਬੁਨਿਆਦੀ ਢਾਂਚੇ ਦੇ ਫੌਰੀ ਨਵੀਨੀਕਰਨ ਉਤੇ ਕੰਮ ਕਰਨ ਲਈ ਇਕ ਹੋਰ ਟਾਸਕ ਫੋਰਸ ਬਣਾਈ
ਚੰਡੀਗੜ੍ਹ, 10 ਅਪਰੈਲ 2020 - ਕੋਵਿਡ-19 ਦੇ ਕਮਿਊਨਿਟੀ ਵਿੱਚ ਫੈਲਾਅ ਦੇ ਖਤਰਿਆਂ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਸੂਬੇ ਵਿੱਚ ਪਹਿਲੀ ਮਈ, 2020 ਤੱਕ ਕਰਫਿਊ ਵਧਾਉਣ ਦਾ ਫੈਸਲਾ ਕੀਤਾ।
ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਤਾਂ ਜੋ ਇਸ ਮਹਾਂਮਾਰੀ ਦੇ ਕਮਿਊਨਿਟੀ ਫੈਲਾਅ ਨੂੰ ਰੋਕਿਆ ਜਾ ਸਕੇ ਅਤੇ ਕਣਕ ਦੀ ਵਾਢੀ/ਖਰੀਦ ਦੇ ਸੀਜ਼ਨ ਦੇ ਚੱਲਦਿਆਂ ਮੰਡੀਆਂ ਵਿੱਚ ਭੀੜ ਹੋਣ ਤੋਂ ਬਚਾਅ ਕੀਤਾ ਜਾ ਸਕੇ।
ਸਰਕਾਰੀ ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਇਸ ਫੈਸਲੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਨਿਚਰਵਾਰ ਹੋਣ ਵਾਲੀ ਮੁੱਖ ਮੰਤਰੀਆਂ ਦੀ ਵੀਡਿਓ ਕਾਨਫਰੰਸਿੰਗ ਵਿੱਚ ਵੀ ਜਾਣੂੰ ਕਰਵਾਉਣਗੇ।
ਆਉਣ ਵਾਲੇ ਹਫਤਿਆਂ ਵਿੱਚ ਮਹਾਂਮਾਰੀ ਦੇ ਫੈਲਣ ਦੇ ਗੰਭੀਰ ਖਦਸਿਆਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਰਫਿਊ ਬੰਦਸ਼ਾਂ ਬਹੁਤ ਜ਼ਰੂਰੀ ਸਨ ਤਾਂ ਜੋ ਮੈਡੀਕਲ ਢਾਂਚੇ ਉਤੇ ਉਸ ਦੀ ਸਮਰੱਥਾ ਤੋਂ ਵੱਧ ਬੋਝ ਨਾ ਪੈ ਸਕੇ। ਉਨ੍ਹਾਂ ਕਿਹਾ ਕਿ ਮੈਡੀਕਲ ਭਾਈਚਾਰੇ ਵਿੱਚ ਇਹ ਇਕ ਆਮ ਵਿਚਾਰ ਹੈ ਕਿ ਲੌਕਡਾਊਨ ਹੀ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਤੋਂ ਬਚਾਅ ਕਰ ਸਕਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਬਿਮਾਰੀ ਨੂੰ ਰੋਕਣ ਵਾਲੀ ਕੋਈ ਦਵਾਈ/ਇਲਾਜ ਮਿਲ ਸਕੇ।
ਮੁੱਖ ਮੰਤਰੀ ਦੇ ਪ੍ਰਸਤਾਵ 'ਤੇ ਮੰਤਰੀ ਮੰਡਲ ਨੇ ਫੈਸਲਾ ਕੀਤਾ ਕਿ ਕਰਫਿਊ/ਲੌਕਡਾਊਨ ਤੋਂ ਹੌਲੀ ਹੌਲੀ ਬਾਹਰ ਲਿਆਉਣ ਲਈ ਨੀਤੀ ਘੜਨ ਵਾਸਤੇ ਬਹੁ-ਮੰਤਵੀ ਟਾਸਕ ਫੋਰਸ ਬਣਾਈ ਜਾਵੇ। ਟਾਸਕ ਫੋਰਸ 10 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਟਾਸਕ ਫੋਰਸ ਵਿੱਚ 15 ਮੈਂਬਰ ਹੋਣਗੇ ਜਿਹੜੇ ਵਪਾਰ, ਕਾਰੋਬਾਰ, ਉਦਯੋਗ, ਖੇਤੀਬਾੜੀ, ਸਿਵਲ ਸੁਸਾਇਟੀ ਤੇ ਸਿਹਤ ਸੰਭਾਲ ਖੇਤਰਾਂ ਦੀ ਨੁਮਾਇੰਦਗੀ ਕਰਨਗੇ। ਮੁੱਖ ਮੰਤਰੀ ਨੂੰ ਟਾਸਕ ਫੋਰਸ ਦੀ ਰਚਨਾ ਬਾਰੇ ਫੈਸਲਾ ਲੈਣ ਲਈ ਅਧਿਕਾਰਤ ਕੀਤਾ।
ਮੰਤਰੀ ਮੰਡਲ ਨੇ ਉਚ ਤਾਕਤੀ ਕਮੇਟੀ ਦੀ ਸਥਾਪਨਾ ਕਰਨ ਦਾ ਵੀ ਫੈਸਲਾ ਕੀਤਾ ਜੋ ਸੂਬੇ ਨੂੰ ਕੋਵਿਡ ਕਾਲ ਤੋਂ ਬਾਅਦ ਖਤਰੇ ਦੇ ਘਟਣ ਅਤੇ ਆਮ ਜਨ ਜੀਵਨ ਬਹਾਲ ਹੋਣ ਵੇਲੇ ਸੂਬੇ ਦੀ ਅਰਥ ਵਿਵਸਥਾ ਦੀ ਮੁੜ ਸੁਰਜੀਤੀ ਦਾ ਖਾਕਾ ਉਲੀਕਣ ਵਿੱਚ ਸੁਝਾਅ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਨੂੰ ਇਸ ਕਮੇਟੀ ਦੇ ਮੁਖੀ ਬਣਨ ਦੀ ਬੇਨਤੀ ਕਰਨਗੇ।
ਮੰਤਰੀ ਮੰਡਲ ਨੇ ਇਹ ਵੀ ਮਤਾ ਪਾਸ ਕੀਤਾ ਕਿ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾਵੇ ਕਿ ਪੰਜਾਬ ਵਿੱਚ 500 ਕਰੋੜ ਰੁਪਏ ਦੇ ਅਨੁਮਾਨਤ ਨਿਵੇਸ਼ ਨਾਲ ਵਾਇਰੋਲਾਜੀ ਦਾ ਐਡਵਾਂਸ ਸੈਂਟਰ ਸਥਾਪਤ ਕੀਤਾ ਜਾਵੇ ਅਤੇ ਸੂਬਾ ਸਰਕਾਰ ਵੱਲੋਂ ਇਸ ਪ੍ਰਾਜੈਕਟ ਲਈ ਮੁਫਤ ਵਿੱਚ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ।
ਮੌਜੂਦਾ ਸੰਕਟ ਨਾਲ ਨਜਿੱਠਣ ਲਈ ਸੂਬੇ ਵਿੱਚ ਸਿਹਤ ਢਾਂਚੇ ਦੇ ਫੌਰੀ ਨਵੀਨੀਕਰਨ ਲਈ ਮੰਤਰੀ ਮੰਡਲ ਨੇ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਅਗਵਾਈ ਵਿੱਚ ਇਕ ਹੋਰ ਟਾਸਕ ਫੋਰਸ ਸਥਾਪਤ ਕਰਨ ਦਾ ਫੈਸਲਾ ਲਿਆ। ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ. ਇਸ ਟਾਸਕ ਫੋਰਸ ਦੇ ਮੈਂਬਰ ਹੋਣਗੇ। ਇਹ ਫੋਰਸ ਸਿਹਤ ਢਾਂਚੇ ਦੇ ਜਲਦੀ ਨਵੀਨੀਕਰਨ ਦਾ ਕੰਮ ਸਮਾਂਬੱਧ ਤਰੀਕੇ ਨਾਲ ਕਰੇਗੀ। ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਇਸ ਸਬੰਧੀ ਵਿਸਥਾਰਤ ਪ੍ਰਸਤਾਵ ਪੇਸ਼ ਕਰਨ ਲਈ ਕਿਹਾ।