ਹਰਿੰਦਰ ਨਿੱਕਾ
- ਹੁਣ ਤੱਕ ਆਏ ਕੁੱਲ 63 ਸ਼ੱਕੀ ਮਰੀਜ਼ਾਂ ਚੋਂ 35 ਦੀ ਰਿਪੋਰਟ ਨੈਗੇਟਿਵ,1 ਪੌਜੇਟਿਵ, 27 ਦੀ ਪੈਂਡਿੰਗ
- ਪੈਂਡਿੰਗ ਚ, ਤਬਲੀਗੀ ਵੀ ਸ਼ਾਮਿਲ, ਵੱਧ ਰਹੇ ਮਾਮਲਿਆਂ ਨੇ ਵਧਾਈ ਚਿੰਤਾ
ਬਰਨਾਲਾ, 10 ਅਪਰੈਲ 2020 - ਬਰਨਾਲਾ ਜਿਲ੍ਹੇ ਦੀ ਪਹਿਲੀ ਕੋਰੋਨਾ ਪਾਜ਼ੀਟਿਵ ਮਰੀਜ਼ ਰਾਧਾ ਦੀ ਬੇਟੀ ਸੁਮਨ ਦੀ ਰਿਪੋਰਟ ਕਾਫੀ ਦਿਨ ਦੇ ਇੰਤਜ਼ਾਰ ਤੋਂ ਬਾਅਦ ਅੱਜ ਦੇਰ ਸ਼ਾਮ ਨੈਗੇਟਿਵ ਆ ਗਈ ਹੈ। ਜਦੋਂ ਕਿ ਜਿਲ੍ਹੇ ਚੋਂ ਹੁਣ ਤੱਕ ਜਾਂਚ ਲਈ ਭੇਜ਼ੇ ਕੁੱਲ 63 ਸੈਂਪਲਾਂ ਵਿੱਚੋਂ 27 ਦੀ ਰਿਪੋਰਟ ਹਾਲੇ ਪੈਂਡਿੰਗ ਹੈ। ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦੱਸਿਆ ਕਿ ਰਾਧਾ ਦੀ ਬੇਟੀ ਦਾ ਦੂਸਰੀ ਵਾਰ ਸੈਂਪਲ ਭੇਜਿਆ ਗਿਆ ਸੀ। ਜਿਸ ਦੀ ਰਿਪੋਰਟ ਹੁਣ ਨੈਗੇਟਿਵ ਆ ਗਈ ਹੈ।
ਜਦੋਂ ਕਿ ਕੁਤਬਾ ਪਿੰਡ ਦੇ ਪੁਲਿਸ ਕਰਮਚਾਰੀ ਦੇ ਪੁੱਤਰ ਮੁਹੰਮਦ ਫਜ਼ਲ ਦੀ ਰਿਪੋਰਟ ਸਮੇਤ ਕੁੱਲ 27 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਹਾਲੇ ਵੀ ਪੈਂਡਿੰਗ ਹੈ। ਉਨ੍ਹਾਂ ਦੱਸਿਆ ਕਿ 35 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਦੋਂ ਕਿ 1 ਮਰੀਜ਼ ਰਾਧਾ ਦੀ ਰਿਪੋਰਟ ਪੌਜੇਟਿਵ ਆਈ ਸੀ । ਉਨਾਂ ਕਿਹਾ ਕਿ ਰਾਧਾ ਦੇ ਇਲਾਜ਼ ਦੌਰਾਨ ਸੰਪਰਕ ਵਿੱਚ ਰਹੀਆਂ ਜਿਆਦਾ ਸਟਾਫ ਨਰਸਾਂ ਤੇ ਹੋਰ ਕਰਮਚਾਰੀਆਂ ਦੇ ਸੈਂਪਲ ਲੈ ਕੇ ਭੇਜ਼ੇ ਜਾ ਚੁੱਕੇ ਹਨ।
ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਜਿਲ੍ਹੇ ਚ, ਵੱਧ ਰਹੇ ਸ਼ੱਕੀ ਮਰੀਜ਼ਾਂ ਦੀ ਸੰਖਿਆ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਸੋਸ਼ਲ ਦੂਰੀ ਬਣਾ ਕੇ ਰੱਖਣ ਦੀ ਲੋੜ ਹੈ। ਬਹੁਤੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਚ, ਵਾਧਾ ਸੋਸ਼ਲ ਦੂਰੀ ਨਾ ਰੱਖਣ ਕਾਰਣ ਹੀ ਹੋ ਰਿਹਾ ਹੈ। ਲੋਕਾਂ ਨੂੰ ਹੁਣ ਵੀ ਸੰਭਲਣ ਦਾ ਮੌਕਾ ਹੈ। ਜੇਕਰ ਲੋਕਾਂ ਨੇ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਨਾ ਕੀਤੀ, ਫਿਰ ਪਛੋਤਾਏ ਕਿਆ ਹੋਤ, ਜਬ ਚਿੜੀਆਂ ਚੁੱਗ ਲਿਆ ਖੇਤ ਵਾਲੀ ਕਹਾਵਤ ਸਾਡੇ ਸਮਾਜ਼ ਤੇ ਪੂਰੀ ਢੁੱਕ ਜਾਵੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਿਨ ਰਾਤ ਕੋਰੋਨਾ ਦੇ ਵਿਰੁੱਧ ਜੰਗ ਲੜ ਰਹੇ ਸਿਹਤ ਕਰਮਚਾਰੀਆਂ, ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜਾਨ ਤਲੀ ਤੇ ਧਰ ਕੇ ਕੀਤੀ ਜਾ ਰਹੀ ਮਿਹਨਤ 'ਤੇ ਘਰਾਂ ਚੋਂ ਬਾਹਰ ਨਿੱਕਲ ਕੇ ਪਾਣੀ ਨਾ ਫੇਰੋ।