ਹਰਿੰਦਰ ਨਿੱਕਾ
- ਕੱਲ੍ਹ ਗੱਗੜਪੁਰ ਵਿਚ ਅਤੇ ਹੁਣ ਦਹਿਲੀਜ਼ ਕਲਾਂ ਵਿੱਚ ਮਰੀਜ਼ ਦੀ ਰਿਪੋਰਟ ਆਈ ਪਾਜ਼ਿਟਿਵ
- ਦੋਵੇਂ ਮਰੀਜ਼ ਆਈਸੋਲੇਸ਼ਨ ਸੈਂਟਰ ਵਿੱਚ ਭਰਤੀ
ਸੰਗਰੂਰ, 10 ਅਪ੍ਰੈਲ 2020 - ਅਹਿਮਦਗੜ੍ਹ ਦੇ ਪਿੰਡ ਦਹਿਲੀਜ਼ ਕਲਾਂ ਦੇ ਇਕ ਵਸਨੀਕ ਦਾ ਟੈਸਟ ਪਾਜ਼ਿਟਿਵ ਆਉਣ ਮਗਰੋਂ ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਵਿਅਕਤੀਆਂ ਦੀ ਗਿਣਤੀ ਵੱਧ ਕੇ 2 ਹੋ ਗਈ ਹੈ। ਇਸ ਦੇ ਮੱਦੇਨਜ਼ਰ ਡਿਪਟੀ
ਕਮਿਸ਼ਨਰ ਘਨਸ਼ਿਆਮ ਥੋਰੀ ਨੇ ਨਾਗਰਿਕਾਂ ਨੂੰ ਅਪੀਲ ਹੈ ਕਿ ਜੋ ਵੀ ਇਸ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ ਉਹ ਸਵੈ ਇਕਾਂਤਵਾਸ ਕਰ ਲਵੇ ਅਤੇ ਇਸ ਸਬੰਧੀ ਸੂਚਨਾ ਹੈਲਪ ਲਾਈਨ ਨੰਬਰ 01672-232304 ਉਤੇ ਦਿੱਤੀ ਜਾਵੇ ਤਾਂ ਜੋ ਸੈਂਪਲ ਲੈ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਇਸ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਸਰਗਰਮ ਹਨ ਅਤੇ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ ਵਿਅਕਤੀਆਂ ਸਬੰਧੀ ਕੰਟੈਕਟ
ਟਰੇਸਿੰਗ ਚੱਲ ਰਹੀ ਹੈ ਅਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਸੰਗਰੂਰ ਵਿੱਚ ਕੁਲ 211 ਸ਼ੱਕੀ ਮਾਮਲੇ ਆਏ ਹਨ ਜਿਨ੍ਹਾਂ ਵਿੱਚੋਂ 146 ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ 63 ਦੀ ਰਿਪੋਰਟ ਆਉਣੀ ਬਾਕੀ ਹੈ।
ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਪੀੜਤ ਵਿਅਕਤੀਆਂ ਨੂੰ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੀਤਾ ਗਿਆ ਹੈ ਜਿਥੇ ਇਲਾਜ ਚੱਲ ਰਿਹਾ ਹੈ।
ਦਹਿਲੀਜ਼ ਕਲਾਂ ਦੇ ਪਾਜ਼ਿਟਿਵ ਪਾਏ ਗਏ ਵਿਅਕਤੀ ਦੀ ਕੀਤੀ ਗਈ ਕੰਟੈਕਟ ਟਰੇਸਿੰਗ ਦੌਰਾਨ ਸਾਹਮਣੇ ਆਇਆ ਕਿ ਇਹ ਵਿਅਕਤੀ ਮੂਲ ਰੂਪ ਵਿੱਚ ਦਿੱਲੀ ਦਾ ਵਸਨੀਕ ਹੈ ਅਤੇ 4 ਮਾਰਚ ਤੋਂ ਹੁਣ ਤੱਕ ਮਲੇਰਕੋਟਲਾ, ਪਹੀੜ, ਘੁੰਗਰਾਣਾ, ਕਿਲਾ ਰਾਏਪੁਰ, ਸਰੀਅ, ਹਨਫੀਆ ਮਸਜਿਦ ਅਹਿਮਦਗੜ੍ਹ, ਨੂਰਾਨੀ ਮਸਜਿਦ ਅਹਿਮਦਗੜ੍ਹ, ਦਹਿਲੀਜ਼ ਮੁਹੰਮਦੀ ਮਸਜਿਦ, ਦਹਿਲੀਜ਼ ਨੂਰਾਨੀ ਮਸਜਿਦ, ਦਹਿਲੀਜ਼ ਅਲਕਰੀਮ ਮਸਜਿਦ ਵਿੱਚ ਗਿਆ ਸੀ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਲੋਕਾਂ ਨੂੰ ਹਦਾਇਤ ਕੀਤੀ ਹੈ ਕਿ ਆਪਣੇ ਘਰਾਂ ਵਿੱਚ ਹੀ ਰਿਹਾ ਜਾਵੇ ਅਤੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਅਮਲ ਵਿੱਚ ਲਿਆਂਦੀ ਜਾਵੇ।