ਹਰਜਿੰਦਰ ਸਿੰਘ ਬਸਿਆਲਾ
- ਸਾਊਥ ਔਕਲੈਂਡ ਵਿਖੇ ਪੁਲਿਸ ਤੋਂ ਬਚ ਭੱਜ ਰਹੇ ਸ਼ਰਾਰਤੀਆਂ ਨੇ ਦੂਜੇ ਪੁਲਿਸ ਅਫਸਰ ਦੀ ਗੱਡੀ 'ਚ ਮਾਰੀ ਟੱਕਰ
- ਪੁਲਿਸ ਅਫਸਰ ਦੀ ਲੱਤ ਟੁੱਟੀ, ਖੋਜੀ ਕੁੱਤੇ ਦਾ ਹੋਇਆ ਬਚਾਅ
ਔਕਲੈਂਡ, 11 ਅਪ੍ਰੈਲ 2020 - ਨਿਊਜ਼ੀਲੈਂਡ ਦੇ ਵਿਚ ਲਾਕ ਡਾਊਨ 23 ਅਪ੍ਰੈਲ ਤੱਕ ਜਾਰੀ ਹੈ, ਪਰ ਜਿਨ੍ਹਾਂ ਦੇ ਪੜ੍ਹਾਈ-ਲਿਖਾਈ ਅਤੇ ਸਮਝਾਈ ਵਾਲੇ ਕਾਇਦੇ 'ਹਮ ਨਹੀਂ ਸੁਧਰੇਗੇਂ' ਦੇ ਸਬਕ 'ਤੇ ਖਤਮ ਹੁੰਦੇ ਹੋਣਗੇ ਤਾਂ ਕੀ ਕੀਤਾ ਜਾ ਸਕਦਾ ਹੈ। ਇਨ੍ਹਾਂ ਨੇ ਤੁਹਾਡੀ ਸੁਰੱਖਿਆ ਲਈ ਲਈ ਸੜਕਾਂ 'ਤੇ ਘੁੰਮ ਰਹੀ ਪੁਲਿਸ ਨੂੰ ਵੀ ਬਿਨਾਂ ਵਜ਼੍ਹਾ ਭਾਜੜ ਪਾਈ ਹੋਈ ਹੈ।
ਬੀਤੀ ਰਾਤ 11 ਕੁ ਵਜੇ ਮੈਨੁਰੇਵਾ ਦੇ ਜੌਹਨ ਵਾਕਰ ਰੋਡ ਅਤੇ ਵੇਅਮਾਊਥ ਰੋਡ ਦੇ ਜੰਕਸ਼ਨ ਉਤੇ ਇਕ ਵੱਡੀ ਦੁਰਘਟਨਾ ਹੋਈ। ਇਕ ਕਾਰ ਦੇ ਵਿਚ ਦੋ ਸ਼ਰਾਰਤੀ ਪੁਲਿਸ ਦੀ ਗੱਡੀ ਮੂਹਰੇ ਭੱਜ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ, ਪਰ ਉਹ ਨਹੀਂ ਸੀ ਰੁਕੇ। ਇਕ ਕਾਰ ਇਨ੍ਹਾਂ ਦੇ ਪਿੱਛੇ ਸੀ ਜਦ ਕਿ ਇਕ ਹੋਰ ਪੁਲਿਸ ਅਫਸਰ ਜਿਸ ਦੇ ਕੋਲ ਖੋਜੀ ਕੁੱਤਾ ਵੀ ਸੀ, ਉਹ ਦੂਜੀ ਕਾਰ ਦੇ ਵਿਚ ਕਿਸੇ ਹੋਰ ਜਾਬ 'ਤੇ ਸੀ, ਮਾੜੀ ਕਿਸਮਤ ਸ਼ਰਾਰਤੀਆਂ ਦੀ ਕਾਰ ਜੋ ਉਲਟ ਦਿਸ਼ਾ ਦੇ ਪ੍ਰਵਾਹ ਕੀਤਿਆਂ ਭਜਾਈ ਜਾ ਰਹੀ ਸੀ, ਇਸ ਪੁਲਿਸ ਅਫਸਰ ਦੀ ਗੱਡੀ ਦੇ ਵਿਚ ਡਰਾਈਵਰ ਸਾਈਡ ਵਾਲੇ ਪਾਸੇ (ਟੀ-ਬੋਨਡ ਐਂਗਲ) ਵਿਚ ਬੁਰੀ ਤਰ੍ਹਾਂ ਵੱਜ ਗਈ।
ਪੁਲਿਸ ਅਫਸਰ ਦੀ ਲੱਤ ਟੁੱਟ ਗਈ, ਪਰ ਜਾਨ ਬਚ ਗਈ। ਖੋਜੀ ਕੁੱਤੇ ਦਾ ਵੀ ਬਚਾਅ ਹੋ ਗਿਆ ਹੈ। ਸ਼ਰਾਰਤੀਆਂ ਦੇ ਵੀ ਗਹਿਰੀ ਸੱਟ ਵੱਜੀ ਹੋਈ ਹੈ। ਰਾਤ 11 ਵਜੇ ਇਨ੍ਹਾਂ ਨੂੰ ਮਿਡਲ ਮੋਰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਦੀ ਵੈਗਨਆਰ ਗੱਡੀ ਅਤੇ ਸ਼ਰਾਰਤੀਆਂ ਦੀ ਫੋਰਡ ਫਾਲਕਲ ਐਕਸ. ਆਰ. 6 ਬੁਰੀ ਤਰ੍ਹਾਂ ਟੁੱਟ ਗਈ ਹੈ। ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਕਿਹਾ ਹੈ ਕਿ ਜੇਕਰ ਇਹ ਲੋਕ ਲਾਕ ਡਾਊਨ ਦੀ ਪਾਲਣਾ ਕਰਦੇ ਹੁੰਦੇ ਤਾਂ ਅੱਜ ਇਹ ਐਕਸੀਡੈਂਟ ਨਾ ਹੁੰਦਾ। ਸ਼ਰਾਰਤੀਆਂ ਦੀ ਕਾਰ ਨੂੰ ਗੇਨਜਬੌਰੋ ਸਟਰੀਟ ਮੈਨੁਰੇਵਾ ਵਿਖੇ ਪੁਲਿਸ ਨੇ ਰੋਕਿਆ ਸੀ ਪਰ ਉਹ ਕਾਰ ਭਜਾ ਕੇ ਨੱਸ ਗਏ ਸਨ ਅਤੇ ਪੁਲਿਸ ਮਗਰ-ਮਗਰ ਸੀ ਪਰ ਉਹ ਰਸਤਾ ਬਦਲ ਗਏ।
ਕਮਾਲ ਦੀ ਗੱਲ ਹੈ ਕਿ ਦੁਨੀਆ ਭਿਆਨ ਬਿਮਾਰੀ ਨਾਲ ਜੂਝ ਰਹੀ ਹੈ ਇਸ ਤਰ੍ਹਾਂ ਦੇ ਸ਼ਰਾਰਤੀ ਲੋਕ ਆਪਣੀ ਆਦਤ ਮੁਤਾਬਿਕ ਪੁਲਿਸ ਅਫਸਰਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰ ਰਹੇ ਹਨ। ਬੀਤੇ ਦਿਨੀਂ ਪੁਲਿਸ ਦੇ ਉੱਤੇ ਥੁੱਕਣ ਵਾਲੇ ਇਕ ਵਿਅਕਤੀ ਨੂੰ ਅਦਾਲਤ ਨੇ ਸਜਾ ਵੀ ਸੁਣਾਈ ਹੈ।