ਜੀ.ਐਸ.ਪੰਨੂ
ਪਟਿਆਲਾ, 11 ਅਪ੍ਰੈਲ - ਪਟਿਆਲਾ 'ਚ ਕੋਰੋਨਾਵਾਇਰਸ ਦਾ ਇਕ ਹੋਰ ਪਾਜ਼ੀਟਿਵ ਮਰੀਜ਼ ਮਿਲਿਆ ਹੈ। ਜਿਸ ਦੀ ਉਮਰ 34 ਸਾਲ ਦੱਸੀ ਜਾ ਰਹੀ ਹੈ ਤੇ ਜਿਥੋਂ ਇਹ ਕੇਸ ਮਿਲਿਆ ਹੈ, ਉਸ ਇਲਾਕੇ ਨੂੰ ਸੀਲ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਾਸੀ ਰੋਡ 'ਤੇ ਇਕ ਸਰਵੈਂਟ ਕੁਆਰਟਰ ਵਿਚ ਰਹਿੰਦਾ ਬਸ਼ਿੰਦਾ ਕੋਰੋਨਾ ਪਾਜ਼ੀਟਿਵ ਆਇਆ ਹੈ। ਇਸ ਵਿਅਕਤੀ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੀਤਾ ਗਿਆ ਹੈ। ਉਸਦੇ ਪਰਿਵਾਰ ਦੇ 6 ਜੀਆਂ ਦੇ ਸੈਂਪਲ ਲਏ ਗਏ ਹਨ ਤੇ ਉਸਦੇ ਸੰਪਰਕ ਵਿਚ ਆਏ 7 ਹੋਰ ਵਿਅਕਤੀ ਇਕਾਂਤਵਾਸ ਕੀਤੇ ਗਏ ਹਨ।
ਬਾਬੂਸ਼ਾਹੀ ਦੇ ਸੂਤਰਾਂ ਮੁਤਾਬਕ ਇਸ ਵਿਅਕਤੀ ਦੀ ਪਤਨੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਕੱਤਰ ਦੇ ਘਰ ਵਿਚ ਕੰਮ ਕਰਦੀ ਸੀ। ਇਸੇ ਘਰ ਵਿਚ ਪਾਸੀ ਰੋਡ 'ਤੇ ਇਹ ਪਰਿਵਾਰ ਰਹਿੰਦਾ ਸੀ। ਜੋ ਵਿਅਕਤੀ ਪਾਜ਼ੀਟਿਵ ਆਇਆ, ਉਸ ਬਾਰੇ ਇਹ ਪਤਾ ਲੱਗਾ ਹੈ ਕਿ ਉਹ ਕਈ ਸੀਨੀਅਰ ਅਫਸਰਾਂ ਦੇ ਘਰ ਕੰਮ ਕਰਦਾ ਸੀ। ਕੀ ਕੰਮ ਕਰਦਾ ਸੀ, ਇਸ ਬੁਝਾਰਤ ਬਣਿਆ ਹੋਇਆ ਹੈ? ਇਸਦੇ ਸੰਪਰਕ ਵਿਚ ਕੌਣ ਕੌਣ ਆਇਆ, ਇਹ ਕਿਥੇ ਕਿਥੇ ਜਾਂਦਾ ਸੀ, ਇਹ ਵੀ ਬੁਝਾਰਤ ਬਣਿਆ ਹੋਇਆ ਹੈ ਕਿਓਂਕਿ ਸਰਕਾਰੀ ਤੌਰ ਤੇ ਅਜੇ ਤੱਕ ਇਸ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ .
ਇਹ ਵੀ ਪਤਾ ਲੱਗਾ ਹੈ ਕਿ ਜਿਸ ਅਫਸਰ ਦੇ ਸਰਵੈਂਟ ਕੁਆਟਰ ਵਿਚ ਉਹ ਰਹਿੰਦਾ ਸੀ , ਉਹ 22 ਮਾਰਚ ਦੇ ਲਾਕ ਡਾਊਨ ਤੋਂ ਲੈਕੇ ਪਟਿਆਲੇ ਤੋਂ ਬਾਹਰ ਹੀ ਹੈ .