ਹਰਦਮ ਮਾਨ
ਸਰੀ, 11 ਅਪ੍ਰੈਲ 2020 - ਕੈਨੇਡਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1383 ਨਵੇਂ ਕੇਸਾਂ ਅਤੇ 60 ਮੌਤਾਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਤਰ੍ਹਾਂ ਦੇਸ਼ ਭਰ ਵਿਚ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 22,148 ਅਤੇ ਮੌਤਾਂ ਦੀ ਗਿਣਤੀ 569 ਤੱਕ ਪਹੁੰਚ ਗਈ ਹੈ, ਜਦੋਂ ਕਿ 6,013 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਪਿਛਲੇ 24 ਘੰਟਿਆਂ ਵਿਚ ਓਨਟਾਰੀਓ ਵਿਚ 478 ਨਵੇਂ ਕੇਸ ਆਏ ਹਨ ਅਤੇ 22 ਮੌਤਾਂ ਹੋਈਆਂ ਹਨ, ਕਿਊਬਿਕ ਵਿਚ 25 ਮੌਤਾਂ ਅਤੇ 765 ਨਵੇਂ ਕੇਸ, ਅਲਬਰਟਾ ਵਿੱਚ 7 ਮੌਤਾਂ ਅਤੇ 49 ਨਵੇਂ ਕੇਸ ਅਤੇ ਬੀ.ਸੀ. ਵਿਚ 40 ਨਵੇਂ ਕੇਸ ਆਏ ਹਨ ਅਤੇ 5 ਹੋਰ ਮੌਤਾਂ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਤਾਜ਼ਾ ਸਥਿਤੀ ਅਨੁਸਾਰ ਕਿਊਬਿਕ ਸੂਬੇ ਵਿਚ ਪ੍ਰਭਾਵਿਤ ਲੋਕਾਂ ਦੀ ਸੰਖਿਆ 11,677 ਹੋ ਗਈ ਹੈ ਅਤੇ 241 ਜਣੇ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ, ਓਨਟਾਰੀਓ ਵਿਚ 6.237 ਲੋਕ ਇਸ ਦੀ ਮਾਰ ਵਿਚ ਆਏ ਹਨ ਅਤੇ 222 ਮੌਤਾਂ ਹੋਈਆਂ ਹਨ, ਅਲਬਰਟਾ ਵਿਚ 1,500 ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 39 ਮੌਤਾਂ ਹੋਈਆਂ ਹਨ, ਬੀਸੀ ਵਿਚ 1,410 ਪ੍ਰਭਾਵਿਤ ਕੇਸਾਂ ਅਤੇ 55 ਮ੍ਰਿਤਕਾਂ ਦੀ ਪੁਸ਼ਟੀ ਕੀਤੀ ਗਈ ਹੈ, ਸਸਕੈਚਵਨ ਵਿਚ 285, ਮੈਨੀਟੋਬਾ ਵਿਚ 230, ਨਿਊ ਫਾਊਂਡਲੈਂਡ ਵਿਚ 239, ਨੋਵਾ ਸਕੋਸ਼ੀਆ ਵਿਚ 407 ਅਤੇ ਨਿਊ ਬਰੰਸਵਿਕ ਵਿਚ 112 ਜਣੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕਿਹਾ ਹੈ ਕਿ ਕੈਨੇਡਾ ਹੁਣ ਕੋਵਿਡ-19 ਦੇ ਪਹਿਲੇ ਅਤੇ ਸਭ ਤੋਂ ਗੰਭੀਰ ਪੜਾਅ ਵਿਚ ਹੈ। ਇਹ ਹਕੀਕਤ ਹੈ,ਪਰ ਬੁਨਿਆਦੀ ਤੱਥ ਕੀ ਹੋਣਗੇ, ਇਹਨਾਂ ਦਾ ਪਤਾ ਇਸ ਹਫਤੇ ਦੇ ਅਖੀਰ ਵਿਚ ਲੋਕਾਂ ਪ੍ਰਦਰਸ਼ਨ ਤੋਂ ਸਾਹਮਣੇ ਆਵੇਗਾ। ਜੇਕਰ ਅਸੀਂ ਘਰਾਂ ਵਿਚ ਰਹਿਣ, ਸਮਾਜਿਕ ਦੂਰੀਆਂ ਬਣਾਈ ਰੱਖਣ ਵਿਚ ਮਜ਼ਬੂਤ ਬਣੇ ਰਹਾਂਗੇ ਤਾਂ ਹੁਣ ਅਤੇ ਆਉਣ ਵਾਲੇ ਹਫਤਿਆਂ, ਮਹੀਨਿਆਂ ਵਿਚ ਚੀਜ਼ਾਂ ਆਮ ਵਾਂਗ ਵਾਪਸ ਆ ਸਕਦੀਆਂ ਹਨ।
ਜਸਟਿਨ ਟਰੂਡੋ ਨੇ ਇਹ ਵੀ ਕਿਹਾ ਕਿ ਜਦੋਂ ਅਸੀਂ ਪਹਿਲਾ ਪੜਾਅ ਪਾਰ ਕਰ ਲਵਾਂਗੇ ਤਾਂ ਸਾਡੇ ਕੋਲ ਇਸ ਵਾਇਰਸ ਦੇ ਨਾਲ-ਨਾਲ ਪ੍ਰਭਾਵਿਤ ਲੋਕਾਂ ਨੂੰ ਟਰੈਕ ਕਰਨ ਲਈ ਬਿਹਤਰ ਟੈਸਟਿੰਗ ਪ੍ਰੋਟੋਕੋਲ ਅਤੇ ਤਕਨਾਲੋਜੀ ਹੋਵੇਗੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com