ਪਰਵਿੰਦਰ ਸਿੰਘ ਕੰਧਾਰੀ
- ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਵਿਸ਼ੇਸ਼ ਡਿਊਟੀ ਮੈਜਿਸਟ੍ਰੇਟ ਤਾਇਨਾਤ
- ਪਾਜ਼ਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਕੀਤੀ ਜਾ ਰਹੀ ਹੈ, ਸੈਂਪਲਿੰਗ - ਸਿਵਲ ਸਰਜਨ
ਫ਼ਰੀਦਕੋਟ, 12 ਅਪ੍ਰੈਲ 2020 - ਬੀਤੀ ਸ਼ਾਮ ਫ਼ਰੀਦਕੋਟ ਸ਼ਹਿਰ ਦੀ ਮਿਸਤਰੀਆਂ ਵਾਲੀ ਗਲੀ ਇਲਾਕੇ ਵਿੱਚੋਂ ਦੂਜਾ ਕਰੋਨਾ ਪਾਜ਼ਟਿਵ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਸਿਵਲ ,ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਇਸ ਇਲਾਕੇ ਵਿੱਚ ਆਪਣੀ ਚੌਕਸੀ ਹੋਰ ਵਧਾ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਇਸ ਇਲਾਕੇ ਵਿੱਚ ਲੋਕਾਂ ਨੂੰ ਘਰਾਂ ਵਿੱਚ ਰਹਿਣ ਅਤੇ ਸੁਰੱਖਿਆ ਦੇ ਨਿਯਮਾਂ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਬੀਤੀ ਰਾਤ ਫਰੀਦਕੋਟ ਸ਼ਹਿਰ ਵਿੱਚ ਤੀਜਾ ਕਰੋਨਾ ਪਾਜ਼ਟਿਵ ਮਰੀਜ ਸਾਹਮਣੇ ਆਇਆ ਹੈ ਤੇ ਇਨ੍ਹਾਂ ਤਿੰਨਾਂ ਵਿੱਚੋਂ ਦੋ ਮਰੀਜ਼ਾਂ ਦਾ ਸਬੰਧ ਸ਼ਹਿਰ ਦੀ ਮਿਸਤਰੀਆਂ ਵਾਲੀ ਗਲੀ ਇਲਾਕੇ ਨਾਲ ਹੈ । ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਇਲਾਕੇ ਨੂੰ ਕੰਟੇਨਮੈਟ ਜ਼ੋਨ ਐਲਾਨਿਆ ਗਿਆ ਸੀ ਪਰ ਹੁਣ ਇਸ ਇਲਾਕੇ ਵਿੱਚ ਮਰੀਜ਼ਾਂ ਦੀ ਗਿਣਤੀ ਦੋ ਹੋ ਜਾਣ ਉਪਰੰਤ ਦੂਜੇ ਮਰੀਜ਼ ਦੇ ਕੰਟੈਕਟ ਵਿੱਚ ਆਏ ਲੋਕਾਂ ਦੀ ਤੁਰੰਤ ਪਛਾਣ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਸੈਂਪਲਿੰਗ ਵੀ ਸ਼ੁਰੂ ਕੀਤੀ ਗਈ ਹੈ ।ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਇਸ ਇਲਾਕੇ ਨੂੰ ਕਲੱਸਟਰ ਜ਼ੋਨ ਐਲਾਨ ਕੀਤਾ ਗਿਆ ਹੈ ਅਤੇ ਇਸ ਇਲਾਕੇ ਵਿੱਚ ਪੰਜਾਬ ਅਤੇ ਭਾਰਤ ਸਰਕਾਰ ਦੀਆਂ ਗਾਈਡਲਾਈਨਜ਼ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਬਿਮਾਰੀ ਅੱਗੇ ਨਾਂ ਫੈਲੇ ।ਉਨ੍ਹਾਂ ਇਹ ਵੀ ਦੱਸਿਆ ਕਿ ਹਰਿੰਦਰਾ ਨਗਰ ਅਤੇ ਮਿਸਤਰੀਆਂ ਵਾਲੀ ਗਲੀ ਇਲਾਕੇ ਲਈ ਸਪੈਸ਼ਲ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤੇ ਗਏ ਹਨ ਜੋ ਕਿ ਇਨ੍ਹਾਂ ਇਲਾਕਿਆਂ ਵਿੱਚ ਲੋਕਾਂ ਦੀ ਰੋਜ਼ਮਰਾ ਜ਼ਿੰਦਗੀ ਵਿੱਚ ਵਰਤੋਂ ਆਉਣ ਵਾਲੀਆਂ ਵਸਤਾਂ ਦੀ ਨਿਰਵਿਘਨ ਸਪਲਾਈ ਉਨ੍ਹਾਂ ਦੇ ਘਰਾਂ ਤੱਕ ਯਕੀਨੀ ਬਣਾਉਣਗੇ ।
ਸਿਵਲ ਸਰਜਨ ਡਾ ਰਜਿੰਦਰ ਕੁਮਾਰ ਅਤੇ ਫ਼ਰੀਦਕੋਟ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਚੰਦਰ ਸ਼ੇਖਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜੀ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮਿਸਤਰੀਆਂ ਵਾਲੀ ਗਲੀ ਇਲਾਕੇ ਵਿੱਚ ਦੂਜੇ ਕਰੋਨਾ ਪਾਜ਼ਟਿਵ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਰਾਤ ਦੋ ਵਜੇ ਤੱਕ ਇਸ ਕੰਮ ਵਿੱਚ ਜੁਟੀਆਂ ਰਹੀਆਂ ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪੂਰੇ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਮੈਡੀਕਲ ਸਕਰੀਨਿਗ ਵੀ ਕੀਤੀ ਜਾਵੇਗੀ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਇਲਾਕੇ ਵਿੱਚ ਕਿਸੇ ਹੋਰ ਵਿਅਕਤੀ ਨੂੰ ਕਰੋਨਾ ਵਾਈਰਸ ਦੇ ਲੱਛਣ ਤਾਂ ਨਹੀਂ ਹਨ ।ਉਨ੍ਹਾਂ ਇਹ ਵੀ ਦੱਸਿਆ ਕਿ ਡਾਕਟਰ ਅਨੀਤਾ ਚੌਹਾਨ ਅਤੇ ਡਾ ਵਿਕਰਮਜੀਤ ਸਿੰਘ ਦੀ ਅਗਵਾਹੀ ਵਾਲੀ ਆਰ ਆਰ ਟੀ ਟੀਮ ਵੱਲੋਂ ਆਪਣੀ ਡਿਊਟੀ ਲਗਾਤਾਰ ਪੂਰੀ ਮਿਹਨਤ ਨਾਲ ਨਿਭਾਈ ਜਾ ਰਹੀ ਹੈ ਅਤੇ ਕਰੋਨਾ ਪਾਜ਼ਟਿਵ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਸੈਂਪਲ ਲਗਾਤਾਰ ਇਕੱਤਰ ਕੀਤੇ ਜਾ ਰਹੇ ਹਨ ।ਉਨ੍ਹਾ ਦੱਸਿਆ ਕਿ ਵਿਭਾਗ ਕੋਲ ਲੋੜ ਅਨੁਸਾਰ ਪੀ. ਪੀ.ਈ ਕਿੱਟਾਂ, ਮਾਸਕ,ਆਦਿ ਮੋਜੂਦ ਹਨ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਪਿਛਲੇ ਦਿਨਾਂ ਵਿੱਚ ਇਸ ਕਰੋਨਾ ਪਾਜਟਿਵ ਮਰੀਜ਼ ਦੇ ਸੰਪਰਕ ਵਿੱਚ ਆਇਆ ਹੈ ਤਾਂ ਉਹ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰੇ ਤਾਂ ਜੋ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾ ਸਕਣ ।ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਅਤੇ ਬਾਹਰ ਬਿਲਕੁਲ ਨਾ ਨਿਕਲਣ ਅਤੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ ।