ਰੇਲਵੇ ਨੇ ਬਿਮਾਰ ਬੱਚੇ ਲਈ ਊਠ ਦਾ 20 ਲੀਟਰ ਦੁੱਧ ਰਾਜਸਥਾਨ ਤੋਂ ਮੁੰਬਈ ਪਹੁੰਚਾਇਆ
ਸ੍ਰੀ ਗੰਗਾਨਗਰ, 13 ਅਪ੍ਰੈਲ, 2020 : ਦੇਸ਼ ਭਰ ਵਿਚ ਕੋਰੋਨਾ ਵਾਇਰਸ ਕਾਰਨ ਕੀਤੇ ਗਏ ਲਾਕ ਡਾਊਨ ਕਾਰਨ ਬਿਮਾਰ ਤੇ ਗਰੀਬ ਲੋਕ ਜ਼ਿਆਦਾ ਔਖਾ ਸਮਾਂ ਕੱਢ ਰਹੇ ਹਨ ਪਰ ਇਸ ਚੁਣੌਤੀ ਭਰੇ ਸਮੇਂ ਨੇ ਸਮਾਜ ਵਿਚ ਆਸਾਂ ਭਰੇ ਕਈ ਕਿੱਸਿਆਂ ਨੂੰ ਜਨਮ ਦਿੱਤਾ ਹੈ।
ਅਜਿਹਾ ਹੀ ਮਾਮਲਾ ਮੁੰਬਈ ਤੋਂ ਹੈ ਜਿਥੇ ਮਹਿਲਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਟਵੀਟ ਕੀਤਾ ਕਿ ਉਸਦਾ ਬੱਚਾ ਆਟਿਸਮ ਬਿਮਾਰੀ ਤੋਂ ਪੀੜਤ ਹੈ ਤੇ ਉਸਦੇ ਜਿਉਂਦੇ ਰਹਿਣ ਲਈ ਦਾਲਾਂ ਤੇ ਊਠ ਦਾ ਦੁੱਧ ਚਾਹੀਦਾ ਹੈ।
ਉੱਤਰ ਪੱਛਮੀ ਰੇਲਵੇ ਦੇ ਸੀ ਪੀ ਆਰ ਓ ਅਭੈ ਸ਼ਰਮਾ ਨੇ ਦੱਸਿਆ ਕਿ ਮੁੰਬਈ ਦੀ ਮਹਿਲਾ ਵੱਲੋਂ ਪ੍ਰਧਾਨ ਮੰਤਰੀ ਨੂੰ ਆਪਣੇ ਬੱਚੇ ਦੇ ਜਿਉਂਦੇ ਰਹਿਣ ਲਈ ਊਠ ਦਾ ਦੁੱਧ ਲੋੜੀਂਦਾ ਹੋਣ ਬਾਰੇ ਕੀਤੀ ਅਪੀਲ ਨੂੰ ਉੜੀਸਾ ਵਿਚ ਇਕ ਪੁਲਿਸ ਅਫਸਰ ਬੋਥਰਾ ਨੇ ਵੇਖਿਆ। ਉਸਨੇ ਆਪਣੇ ਨੈਟਵਰਕ ਵਿਚ ਇਹ ਜ਼ਰੂਰਤ ਘੁੰਮਾ ਦਿੱਤੀ ਤੇ ਇਹ ਚੀਫ ਪੈਸੰਜਰ ਟਰਾਂਸਪੋਰਟੇਸ਼ਨ ਮੈਨੈਜਰ ਉੱਤਰ ਪੱਛਮੀ ਰੇਲਵੇ ਤਰੁਣ ਜੈਨ ਦੇ ਧਿਆਨ ਵਿਚ ਆ ਗਈ। ਜੈਨ ਨੇ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਬਿਠਾਇਆ ਤਾਂ ਕਿ ਊਠ ਦਾ ਦੁੱਧ ਮੁੰਬਈ ਸਪਲਾਈ ਕੀਤਾ ਜਾ ਸਕਦੇ।
ਸ਼ਰਮਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਬਾਂਦਰਾ-ਲੁਧਿਆਣਾ ਪਾਰਸਲ ਸੇਵਾ ਸ਼ੁਰੂ ਹੋ ਗਈ ਸੀ। ਹੁਣ ਇਹ ਵੇਖਣਾ ਸੀ ਕਿ ਕੀ ਰੇਲ ਗੱਡੀ ਫਾਲਣਾ ਸਟੇਸ਼ਨ 'ਤੇ ਰੁਕਦੀ ਹੈ ਤਾਂ ਕਿ ਉਸ ਵਿਚ ਦੁੱਧ ਲੋਡ ਕੀਤਾ ਜਾ ਸਕੇ ਕਿਉਂਕਿ ਸਪਲਾਈ ਸਿਰਫ ਫਾਲਣਾ ਸਟੇਸ਼ਨ ਤੱਕ ਹੀ ਸਪਲਾਈ ਕਰ ਸਕਦਾ ਸੀ।
ਸ਼ਰਮਾ ਨੇ ਦੱਸਿਆ ਕਿ ਰੇਲਵੇ ਅਧਿਕਾਰੀਆਂ ਨੇ ਇਸ ਬਾਰੇ ਫੈਸਲਾ ਲਿਆ ਅਤੇ ਆਖਿਰਕਾਰ 20 ਲੀਟਰ ਊਠ ਦਾ ਦੁੱਧ ਤੇ ਪਾਊਡਰ ਮੁੰਬਈ ਦੀ ਮਹਿਲਾ ਤੱਕ ਪਹੁੰਚਾ ਦਿੱਤਾ ਗਿਆ। ਇਹ ਵੱਖ ਵੱਖ ਇਲਾਕਿਆਂ ਤੇ ਵਿਭਾਗਾਂ ਵਿਚ ਚੰਗੇ ਤਾਲਮੇਲ ਦੀ ਅਦੁੱਤੀ ਮਿਸਾਲ ਬਣਿਆ।