ਹਰਿੰਦਰ ਨਿੱਕਾ
75 ਚੋਂ 60 ਦੀ ਰਿਪੋਰਟ ਨੈਗੇਟਿਵ, 2 ਦੀ ਹੋਊ ਰੀਸੈਂਪਲਿੰਗ,11 ਦੀ ਪੈਡਿੰਗ
ਬਰਨਾਲਾ 13 ਅਪ੍ਰੈਲ 2020 -ਜਿਲ੍ਹੇ ਚ, ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਤਲਾਸ਼ ਲਈ ਕਾਇਮ ਕੀਤੀ ਰੈਪਿਡ ਰਿਸਪੌਂਸ ਟੀਮ ਦਾ ਇੱਕ ਆਰ.ਐਮ.ਉ. ਡਾਕਟਰ ਵੀ ਹੁਣ ਕੋਰੋਨਾ ਵਾਇਰਸ ਦੇ ਸ਼ੱਕ 'ਚ ਘਿਰ ਗਿਆ ਹੈ। ਇੰਨਾ ਹੀ ਨਹੀਂ, ਕੋਰੋਨਾ ਦੇ ਸ਼ੱਕੀ ਮਰੀਜ਼ ਭਰਤੀ ਕਰਨ ਲਈ ਅਸਥਾਈ ਤੌਰ ਤੇ ਕਾਇਮ ਕੀਤੇ ਆਈਸੋਲੇਸ਼ਨ ਸੈਂਟਰ ਸੋਹਲ ਪੱਤੀ ਖੁੱਡੀ ਕਲਾਂ ਚ, ਡਿਊਟੀ ਦੇ ਰਹੀ ਇੱਕ ਸਫਾਈ ਕਰਮਚਾਰੀ ਨੂੰ ਵੀ ਸ਼ੱਕੀ ਮਰੀਜ਼ ਦੇ ਤੌਰ ਤੇ ਆਈਸੋਲੇਟ ਕੀਤਾ ਗਿਆ ਹੈ।
ਇਹ ਜਾਣਕਾਰੀ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਾਹਮਣੇ ਆਏ ਜਿਲ੍ਹੇ ਦੇ ਕੁੱਲ 75 ਸ਼ੱਕੀ ਮਰੀਜ਼ਾਂ ਵਿੱਚੋਂ 60 ਜਣਿਆਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਜਿੱਥੇ ਸਿਹਤ ਵਿਭਾਗ ਤੇ ਜਿਲ੍ਹਾ ਪ੍ਰਸ਼ਾਸਨ ਨੂੰ ਕੁੱਝ ਰਾਹਤ ਮਿਲੀ ਹੈ। ਉੱਥੇ ਹੀ ਸਿਹਤ ਵਿਭਾਗ ਦੇ ਇੱਕ ਆਰ.ਐਮ.ਉ. ਡਾਕਟਰ ਸਣੇ 2 ਕਰਮਚਾਰੀਆਂ ਦੀ ਰੀਸੈਂਪਲਿੰਗ ਕਰਵਾਉਣ ਕਰਕੇ ਉਨ੍ਹਾਂ ਨੂੰ ਵੀ ਆਈਸੋਲੇਟ ਕਰਨਾ ਪਿਆ ਹੈ। ਜੋ ਕਾਫੀ ਚਿੰਤਾ ਦਾ ਵਿਸ਼ਾ ਹੈ।
ਕੌਸ਼ਲ ਨੇ ਦੱਸਿਆ ਕਿ 11 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਹਾਲੇ ਵੀ ਪੈਂਡਿੰਗ ਹੈ। ਜਿਸ ਦੇ ਅੱਜ਼ ਆ ਜਾਣ ਦੀ ਕਾਫੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਦੋ ਉਕਤ ਕਰਮਚਾਰੀਆਂ ਤੋਂ ਬਿਨਾਂ ਸਾਰੇ ਸਿਹਤ ਕਰਮਚਾਰੀਆਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਵਰਣਨਯੋਗ ਹੈ ਕਿ ਜਿਲ੍ਹੇ ਦੇ 2 ਮਰੀਜ਼ਾਂ ਦੀ ਰਿਪੋਰਟ ਪਹਿਲਾਂ ਹੀ ਪੌਜੇਟਿਵ ਆ ਚੁੱਕੀ ਹੈ। ਇਨ੍ਹਾਂ ਚੋਂ ਜਿਲ੍ਹੇ ਦੀ ਪਹਿਲੀ ਕੋਰੋਨਾ ਪੀੜਤ ਰਾਧਾ ਹਾਲੇ ਵੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ, ਜੇਰ ਏ ਇਲਾਜ਼ ਹੈ। ਜਦੋਂ ਕਿ ਮਹਿਲ ਕਲਾਂ ਦੀ ਰਹਿਣ ਵਾਲੀ ਕੋਰੋਨਾ ਪੌਜੇਟਿਵ ਮਰੀਜ਼ ਕਰਮਜੀਤ ਕੌਰ ਦੀ ਫੋਰਟਿਸ ਹਸਪਤਾਲ ਲੁਧਿਆਣਾ ਵਿਖੇ ਕੁਝ ਦਿਨ ਪਹਿਲਾਂ ਮੌਤ ਹੋ ਚੁੱਕੀ ਹੈ।