ਜਲੰਧਰ, 15 ਅਪ੍ਰੈਲ 2020 - ਲਵਲੀ ਯੂਨੀਵਰਸਿਟੀ (ਐਲ.ਪੀ.ਯੂ., ਕਪੂਰਥਲਾ-ਜਲੰਧਰ) ਨੂੰ ਇੱਕ ਵਿਦਿਆਰਥਣ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਹੈ। ਜਦੋਂ ਲੜਕੀ ਦੀ ਰਿਪੋਰਟ ਦਾ ਪਤਾ ਲੱਗਿਆ ਤਾਂ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਕੈਂਪਸ ਵਿੱਚ ਰਹਿੰਦੇ ਵਿਦਿਆਰਥੀਆਂ ਅਤੇ ਸਟਾਫ ਸਮੇਤ 2400 ਤੋਂ ਵੱਧ ਵਿਅਕਤੀਆਂ ਨੂੰ ਕਮਰਿਆਂ ਵਿੱਚ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਬਿਨਾਂ ਯੂਨੀਵਰਸਿਟੀ 'ਚ ਕਿਸੇ ਵੀ ਤਰ੍ਹਾਂ ਦਾ ਇਕੱਠ ਕਰਨ ਤੋਂ ਮਨਾਹੀ ਕਰ ਦਿੱਤੀ ਗਈ ਹੈ।
ਪੀੜਤ ਲੜਕੀ ਪੱਛਮੀ ਮੁੰਬਈ ਵਿੱਚ ਨੂਰਾਨੀ ਮਸਜਿਦ ਗਾਂਧੀ ਨਗਰ ਦੇ ਪਿੱਛੇ ਦੁਰਗਾ ਮਾਤਾ ਚਾਵਲ ਦੀ ਰਹਿਣ ਵਾਲੀ ਹੈ ਅਤੇ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਐਲ.ਪੀ.ਯੂ. ਵਿੱਚ ਰਹਿ ਰਹੀ ਸੀ। ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਲੜਕੀ ਦਾ ਸ਼ੁੱਕਰਵਾਰ ਨੂੰ ਟੈਸਟ ਕੀਤਾ ਗਿਆ ਸੀ ਜਿਸ ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ ਅਤੇ ਉਸ ਨੂੰ ਕਪੂਰਥਲਾ ਹਸਪਤਾਲ ਭੇਜਿਆ ਗਿਆ ਹੈ, ਅਤੇ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ।
ਇੱਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਲੜਕੀ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਉਣ ਲਈ ਇੱਕ ਵੱਡੇ ਪੱਧਰ 'ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ।