ਦਿਨੇਸ਼
ਗੁਰਦਾਸਪੁਰ, 16 ਅਪ੍ਰੈਲ 2020 - ਜ਼ਿਲ੍ਹਾ ਗੁਰਦਾਸਪੁਰ ਵਿਖੇ ਕੋਰੋਨਾ ਪੀੜਿਤ ਬਜ਼ੁਰਗ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਕਸਬਾ ਕਾਹਨੂੰਵਾਨ ਦੇ ਪਿੰਡ ਭੈਣੀ ਪਸਵਾਲ ਦਾ 60 ਸਾਲਾ ਮਿਰਤਕ ਬਜ਼ੁਰਗ ਗੁਰਦਾਸਪੁਰ ਵਿਖੇ ਮੌਜੂਦਾ ਸਮੇਂ 'ਚ ਪਹਿਲਾ ਮਰੀਜ਼ ਸੀ। ਜਿਸ ਦਾ ਇਲਾਜ ਅੰਮ੍ਰਿਤਸਰ ਵਿਖੇ ਕੀਤਾ ਜਾ ਰਿਹਾ ਸੀ। ਫ਼ਿਲਹਾਲ ਕੋਰੋਨਾ ਪੀੜਿਤ ਇਸ ਮਰੀਜ਼ ਦੀ ਮੌਤ ਤੋਂ ਬਾਦ ਜ਼ਿਲ੍ਹਾ ਵਾਸੀਆਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਜ਼ਿਲ੍ਹੇ ਅੰਦਰ ਹੋਰ ਕੋਈ ਵੀ ਵਿਅਕਤੀ ਕੋਰੋਨਾ ਤੋਂ ਪੀੜਿਤ ਨਹੀਂ ਹੈ। ਇਹ ਜਾਣਕਾਰੀ ਸਥਾਨਕ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਗੁਰਦਾਸਪੁਰ ਵੱਲੋਂ ਕੀਤੀ ਗਈ ਹੈ।
ਉੱਥੇ ਦੂਜੇ ਪਾਸੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਰਿਸਕ ਨਾ ਲੈਂਦਿਆਂ ਹੋਇਆਂ ਬੀਤੀ 14 ਅਪ੍ਰੈਲ ਤੋਂ ਪਿੰਡ ਭੈਣੀ ਪਸਵਾਲ ਸਮੇਤ ਆਸ ਪਾਸ ਦੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਰੈਪਿਡ ਟੀਮਾਂ ਵੱਲੋਂ ਇਲਾਕਾ ਵਾਸੀਆਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਸੀ। ਸਿਹਤ ਵਿਭਾਗ ਵੱਲੋਂ ਕੋਰੋਨਾ ਦੇ ਸਬੰਧ ਵਿੱਚ ਕੁੱਲ 105 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਸਨ। ਜਿਨ੍ਹਾਂ ਵਿੱਚੋਂ ਹੁਣ ਤੱਕ 91 ਲੋਕਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਅਤੇ 13 ਦੀ ਰਿਪੋਰਟ ਆਉਣੀ ਹੱਲੇ ਬਾਕੀ ਹੈ। ਇਹਨਾਂ 105 ਮਰੀਜ਼ਾਂ ਵਿੱਚੋਂ ਭੈਣੀ ਪਸਵਾਲ ਦਾ 60 ਸਾਲਾ ਬਜ਼ੁਰਗ ਅਜਿਹਾ ਇਕੱਲਾ ਮਰੀਜ਼ ਸੀ ਜਿਸ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ।
ਫ਼ਿਲਹਾਲ ਕੋਰੋਨਾ ਪੀੜਿਤ ਬਜ਼ੁਰਗ ਦੀ ਮੌਤ ਨਾਲ ਪਰਿਵਾਰ ਅਤੇ ਮਿਰਤਕ ਦੇ ਸਕੇ-ਸਬੰਧੀ ਦੁਖੀ ਹਨ। ਪਰ ਇਸ ਘਟਨਾ ਤੋਂ ਬਾਦ ਜ਼ਿਲ੍ਹਾ ਵਾਸੀਆਂ ਲਈ ਰਾਹਤ ਦੀ ਗੱਲ ਇਹ ਹੈ। ਕਿ ਜ਼ਿਲ੍ਹੇ ਅੰਦਰ ਇਕੱਲੇ ਕੋਰੋਨਾ ਪੀੜਤ ਵਿਅਕਤੀ ਦੀ ਮੌਤ ਤੋਂ ਬਾਦ। ਜ਼ਿਲ੍ਹਾ ਗੁਰਦਾਸਪੁਰ ਮੁੜ ਤੋਂ ਕੋਰੋਨਾ ਮਰੀਜ਼ਾਂ ਦੇ ਲਿਹਾਜ਼ ਨਾਲ ਜ਼ੀਰੋ ਅੰਕੜੇ ਉੱਪਰ ਪਹੁੰਚ ਚੁੱਕਾ ਹੈ ਅਤੇ ਮੌਜੂਦਾ ਸਮੇਂ ਦੌਰਾਨ ਇੱਥੇ ਇਕ ਵੀ ਵਿਅਕਤੀ ਕੋਰੋਨਾ ਨਾਲ ਪੀੜਤ ਨਹੀਂ ਹੈ।