ਰਜਨੀਸ਼ ਸਰੀਨ
- ਪਾਜ਼ੀਟਿਵ ਮਾਮਲਿਆਂ ਦਾ ਅੰਕੜਾ 19 ’ਤੇ ਹੀ ਸਥਿਰ
- ਕੋਵਿਡ ਪੀੜਤਾਂ ਦੀ ਰੀਸੈਂਪਲਿੰਗ ’ਚ 16 ਕੇਸਾਂ ਦੇ ਠੀਕ ਹੋਣ ਦੀ ਪੁਸ਼ਟੀ
ਨਵਾਂਸ਼ਹਿਰ, 16 ਅਪਰੈਲ 2020 - ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹੇ ’ਚ ਕੋਵਿਡ-19 ਰੋਕਥਾਮ ਤਹਿਤ ਹੁਣ ਤੱਕ 469 ਵਿਅਕਤੀਆਂ ਦੀ ਸੈਂਪਲਿੰਗ ਕਰਵਾਈ ਜਾ ਚੁੱਕੀ ਹੈ, ਜਿਸ ਵਿੱਚੋਂ 425 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਜਦਕਿ 25 ਸੈਂਪਲਾਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 19 ’ਤੇ ਹੀ ਸਥਿਰ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ’ਚ ਇਲਾਜ ਅਧੀਨ ਕੋਵਿਡ-19 ਪੀੜਤਾਂ ’ਚੋਂ 17 ਦੀ ਰੀਸੈਂਪਲਿੰਗ ਕਰਵਾਈ ਜਾ ਚੁੱਕੀ ਹੈ, ਜਿਸ ਵਿੱਚੋਂ 16 ਕੇਸਾਂ ਦੇ ਠੀਕ ਹੋਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਜਦਕਿ 17ਵੇਂ ਮਾਮਲੇ ਦੀ ਦੂਸਰੀ ਟੈਸਟ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਈਸੋਲੇਸ਼ਨ ’ਚ ਕੁੱਲ 18 ਮਰੀਜ਼ ਲਿਆਂਦੇ ਗਏ ਸਨ, ਜਿਨ੍ਹਾਂ ’ਚੋਂ 18 ਵੇਂ ਮਰੀਜ਼ ਦਾ ਵੀ ਅੱਜ ਆਈਸੋਲੇਸ਼ਨ ਸਮਾਂ ਪੂਰਾ ਹੋਣ ਬਾਅਦ ਸੈਂਪਲ ਲਿਆ ਗਿਆ ਹੈ।
ਡਾ. ਭਾਟੀਆ ਅਨੁਸਾਰ ਜ਼ਿਲ੍ਹੇ ’ਚ ਕੋਵਿਡ-19 ਨੂੰ ਲੈ ਕੇ ਕੀਤੇ ਜਾ ਰਹੇ ਟੈਸਟ ਹੁਣ ਲੱਛਣਾਂ ’ਤੇ ਆਧਾਰਿਤ ਹਨ ਅਤੇ ਜਿਸ ਕਿਸੇ ਵਿੱਚ ਵੀ ਇਹ ਲੱਛਣ ਸਾਹਮਣੇ ਆਉਂਦੇ ਹਨ, ਉਸ ਦੀ ਤੁਰੰਤ ਸੈਂਪਲਿੰਗ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ 30 ਵਿਅਕਤੀਆਂ ਦੀ ਸੈਂਪਲਿੰਗ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਲੱਛਣਾਂ ਜਿਵੇਂ ਕਿ ਤੇਜ਼ ਬੁਖਾਰ, ਸੁੱਕੀ ਖੰਘ ਅਤੇ ਸਾਹ ਲੈਣ ’ਚ ਤਕਲੀਫ਼ ਆਦਿ ਹੋਣ ’ਤੇ ਜ਼ਿਲ੍ਹੇ ਦੇ ਕੋਵਿਡ ਕੰਟਰੋਲ ਰੂਮ 01823-227471 ’ਤੇ ਸੂਚਿਤ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਕੰਟਰੋਲ ਰੂਮ ਦੇ ਹੋਰਨਾਂ ਨੰਬਰਾਂ 227470, 227473, 227474, 227476, 227478, 227479 ਅਤੇ 227480 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।