ਦੇਵਾ ਨੰਦ ਸ਼ਰਮਾ
- ਫਰੀਦਕੋਟ ਕੋਰੋਨਾ ਦੇ ਹੁਣ ਤੱਕ 3 ਮਰੀਜ਼
- ਅਫਵਾਹਾਂ ਤੋਂ ਬਚੋ : ਘਰ ਰਹੋ - ਸੁਰੱਖਿਅਤ ਰਹੋ
ਫਰੀਦਕੋਟ, 16 ਅਪ੍ਰੈਲ 2020 - ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ ਮੁਤਾਬਕ ਜ਼ਿਲ੍ਹੇ ਅੰਦਰ ਕੋਵਿਡ -19 ਦੀ ਮਹਾਂਮਾਰੀ ਵਿਰੁੱਧ ਵਿੱਢੀ ਇਸ ਮੁਹਿੰਮ ਤਹਿਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਜ਼ਿਲ੍ਹੇ ਅੰਦਰ ਪੋਜ਼ੇਟਿਵ ਆਏ ਕੇਸਾਂ ਦੇ ਰਿਹਾਇਸ਼ੀ ਖੇਤਰ ਦਾ ਸਰਵੇ, ਸ਼ੱਕੀ ਮਰੀਜਾਂ ਦੀ ਮੈਡੀਕਲ ਸਕਰੀਨਿੰਗ ਅਤੇ ਸੈਂਪਲ ਲੈਣ ਸਬੰਧੀ ਸਰਗਰਮੀਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ।
ਜ਼ਿਲ੍ਹਾ ਫਰੀਦਕੋਟ ਦੇ ਤੀਸਰੇ ਕੋਰੋਨਾ ਪਾਜ਼ੇਟਿਵ ਦੇ ਸੰਪਰਕ ਵਿਚ ਆਏ 51 ਵਿਅਕਤੀਆਂ ਦੇ ਸੈਂਪਲਾਂ ਵਿਚੋਂ 45 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 2 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ, 4 ਵਿਅਕਤੀਆਂ ਦੇ ਸੈਂਪਲ ਮੁੜ ਜਾਂਚ ਲਈ ਲੈਬ ਵਿਚ ਭੇਜੇ ਗਏ ਹਨ ਅਤੇ ਕੋਟਕਪੂਰਾ ਤੋਂ ਵੀ 2 ਵਿਅਕਤੀਆਂ ਦੇ ਭੇਜੇ ਸੈਂਪਲ ਦੇ ਨਤੀਜੇ ਆਉਣੇ ਵੀ ਅਜੇ ਬਾਕੀ ਹਨ। ਫਰੀਦਕੋਟ ਕੋਰੋਨਾ ਦੇ ਹੁਣ ਤੱਕ 3 ਮਰੀਜ਼ ਪਾਜ਼ੀਟਿਵ ਆਏ ਸਨ ਹੁਣ ਇਹ ਤਿੰਨੋਂ ਹੀ ਮਰੀਜ਼ ਤੰਦਰੁਸਤ ਹਨ ਹੁਣ ਉਨ੍ਹਾਂ ਵਿੱਚ ਕੋਈ ਵੀ ਕੋਰੋਨਾ ਦੇ ਲੱਛਣ ਨਜ਼ਰ ਨਹੀ ਆ ਰਹੇ।
ਇਹ ਜਾਣਕਾਰੀ ਸਿਵਲ ਸਰਜਨ ਫਰੀਦਕੋਟ ਡਾ. ਰਜਿੰਦਰ ਕੁਮਾਰ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਸ ਭਿਆਨਕ ਬਿਮਾਰੀ ਤੋਂ ਜਾਗਰੂਕ ਕਰਨ ਅਤੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਸਬੰਧੀ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੱਲੋਂ ਹੁਣ ਪੰਜਾਬ ਵਿਚ ਪਾਜ਼ੇਟਿਵ ਅਤੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਵੱਧਣ ਕਾਰਨ ਆਮ ਲੋਕਾਂ ਨੂੰ ਘਰਾਂ ਤੋਂ ਬਾਹਰ ਜਾਣ ਸਮੇਂ ਹਰ ਵਿਅਕਤੀ ਨੂੰ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਜਾਂ ਮਾਸਕ ਦੀ ਜਗਾ ਰੁਮਾਲ,ਚੁੰਨੀ ਜਾਂ ਪਰਨਾ ਵੀ ਮੁੰਹ ਤੇ ਲਪੇਟਿਆ ਜਾ ਸਕਦਾ ਹੈ।ਕੋਵਿਡ-19 ਦੇ ਨੋਡਲ ਅਫਸਰ ਡਾ.ਮਨਜੀਤ ਕ੍ਰਿਸ਼ਨ ਭੱਲਾ ਨੇ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕਿ ਰੱਖਣ,ਘਰ ਰਹੋ ਸੁਰੱਖਿਅਤ ਰਹੋ ਦੀ ਅਪੀਲ ਕੀਤੀ।