ਹਰਿੰਦਰ ਨਿੱਕਾ
- ਹਸਪਤਾਲ ਚੋਂ, ਛੁੱਟੀ ਦੀਆਂ ਤਿਆਰੀਆਂ ਨੂੰ ਸ਼ੱਕੀ ਰਿਪੋਰਟ ਨੇ ਲਾਈ ਬਰੇਕ
- 17 ਅਪ੍ਰੈਲ ਨੂੰ ਫਿਰ ਹੋਵੇਗਾ ਟੈਸਟ, ਦੁਆਵਾਂ ਦਾ ਦੌਰ ਸ਼ੁਰੂ
ਬਰਨਾਲਾ, 16 ਅਪ੍ਰੈਲ 2020 - ਜ਼ਿਲ੍ਹੇ ਦੀ ਪਹਿਲੀ ਕੋਰੋਨਾ ਪੌਾਜ਼ੀਟਿਵ ਰਹੀ ਮਰੀਜ਼ ਰਾਧਾ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ, ਉਦੋਂ ਵਧ ਗਈਆਂ ,ਜਦੋਂ ਰਜਿੰਦਰਾ ਹਸਪਤਾਲ ਪਟਿਆਲਾ ਚੋਂ ਛੁੱਟੀ ਦੇਣ ਦੀਆਂ ਤਿਆਰੀਆਂ ਦੇ ਮੌਕੇ 'ਤੇ ਕੋਰੋਨਾ ਦੀ ਰਿਪੋਰਟ ਸ਼ੱਕੀ ਆ ਗਈ । ਹੁਣ ਦੁਆਰਾ ਰਾਧਾ ਦਾ ਸੈਂਪਲ ਸ਼ੁੱਕਰਵਾਰ ਨੂੰ ਲਿਆ ਜਾਵੇਗਾ। ਇਹ ਜਾਣਕਾਰੀ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦਿੱਤੀ, ਉਨ੍ਹਾਂ ਦੱਸਿਆ ਕਿ ਰਾਧਾ ਦੀ ਹਾਲਤ 'ਚ ਕਾਫੀ ਸੁਧਾਰ ਹੋਣ 'ਤੇ ਰਜਿੰਦਰਾ ਹਸਪਤਾਲ 'ਚ ਉਹਦਾ ਇਲਾਜ਼ ਕਰ ਰਹੇ ਡਾਕਟਰਾਂ ਦੀ ਟੀਮ ਨੇ ਰਾਧਾ ਨੂੰ ਛੁੱਟੀ ਕਰ ਕੇ ਡਿਸਚਾਰਜ ਕਰਨ ਦੀ ਤਿਆਰੀ ਮੁਕੰਮਲ ਕਰ ਲਈ ਸੀ।
ਇਸ ਸਬੰਧੀ ਬਰਨਾਲਾ ਹਸਪਤਾਲ ਨੂੰ ਵੀ ਸੂਚਨਾ ਭੇਜ਼ ਦਿੱਤੀ ਗਈ ਸੀ। ਉਸ ਦੇ ਕੋਰੋਨਾ ਤੇ ਫਤਿਹ ਪਾ ਲੈਣ ਕਰਕੇ ਸਵਾਗਤ ਦੀ ਤਿਆਰੀ ਹਸਪਤਾਲ ਚ, ਵੀ ਸ਼ੁਰੂ ਹੋ ਗਈ ਸੀ। ਪਰੰਤੂ ਉਸ ਨੂੰ ਡਿਸਚਾਰਜ ਕਰਨ ਦੇ ਐਨ ਮੌਕੇ ਤੇ ਰਿਪੋਰਟ ਫਿਰ ਸ਼ੱਕੀ ਆ ਗਈ। ਜਿਸ ਕਾਰਣ ਉਸ ਨੂੰ ਫਿਰ ਉੱਥੇ ਹੀ ਰੱਖ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸ਼ੁਕਰਵਾਰ ਨੂੰ ਇੱਕ ਵਾਰ ਦੁਆਰਾ ਰਾਧਾ ਦਾ ਸੈਂਪਲ ਲੈ ਕੇ ਜਾਂਚ ਕੀਤੀ ਜਾਵੇਗੀ।
ਵਰਨਣਯੋਗ ਹੈ ਕਿ ਰਾਧਾ ਨੂੰ 1 ਅਪ੍ਰੈਲ ਨੂੰ ਕੋਰੋਨਾ ਦੀ ਸ਼ੱਕੀ ਮਰੀਜ ਦੇ ਤੌਰ ਤੇ ਬਰਨਾਲਾ ਹਸਪਤਾਲ ਚ, ਭਰਤੀ ਕੀਤਾ ਗਿਆ ਸੀ। 6 ਅਪ੍ਰੈਲ ਨੂੰ ਰਾਧਾ ਦੀ ਰਿਪੋਰਟ ਪੌਜੇਟਿਵ ਆ ਗਈ। ਜਿਸ ਤੋਂ ਤੁਰੰਤ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ। 14 ਅਪ੍ਰੈਲ ਨੂੰ ਰਾਧਾ ਦੀ ਰਿਪੋਰਟ ਨੈਗੇਟਿਵ ਆ ਗਈ ਤੇ ਪੂਰੇ ਇਲਾਕੇ ਤੇ ਰਾਧਾ ਦੇ ਪਰਿਵਾਰ ਚ, ਖੁਸ਼ੀ ਦਾ ਮਾਹੌਲ ਬਣ ਗਿਆ ਸੀ। ਸਿਹਤ ਵਿਭਾਗ ਨੂੰ ਵੀ ਇਸ ਨਾਲ ਕਾਫੀ ਰਾਹਤ ਮਿਲੀ ਸੀ, ਕਿਉਂਕਿ ਪੂਰਾ ਜਿਲ੍ਹਾ ਕੋਰੋਨਾ ਮੁਕਤ ਹੋ ਗਿਆ ਸੀ। ਪਰੰਤੂ ਰਾਧਾ ਦੀ ਤੀਸਰੀ ਰਿਪੋਰਟ ਸ਼ੱਕੀ ਆ ਜਾਣ ਕਰਕੇ ਰਾਧਾ ਦੇ ਨਾਲ ਨਾਲ ਸਿਹਤ ਵਿਭਾਗ ਤੇ ਪ੍ਰਸ਼ਾਸਨ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਹਨ। ਉਧਰ ਰਾਧਾ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਚ, ਦੁਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ।