ਪ੍ਰੋਟੋਕੋਲ ਮੁਤਾਬਿਕ ਨੇਪਰੇ ਚੜ੍ਹਾਇਆ ਕੋਰੋਨਾ ਪੀੜਿਤ ਦਾ ਅੰਤਿਮ ਸਸਕਾਰ
ਦਿਨੇਸ਼
ਗੁਰਦਾਸਪੁਰ, 16 ਅਪ੍ਰੈਲ 2020- ਗੁਰਦਾਸਪੁਰ ਦੇ ਕੋਰੋਨਾ ਪੀੜਤ 60 ਸਾਲਾ ਬਜ਼ੁਰਗ ਸੰਸਾਰ ਸਿੰਘ ਦੀ ਮੌਤ ਤੋਂ ਬਾਦ ਵੀਰਵਾਰ ਦੇਰ ਸ਼ਾਮ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਜਿੱਥੇ ਮਿਰਤਕ ਦੇ 5 ਪਰਿਵਾਰਿਕ ਮੈਂਬਰਾਂ ਨੇ ਅੰਤਿਮ ਸੰਸਕਾਰ ਵਿਖੇ ਸ਼ਾਮਿਲ ਹੋ ਕੇ ਆਮ ਲੋਕਾਂ ਨੂੰ ਕੋਰੋਨਾ ਤੋਂ ਡਰਨ ਦੀ ਬਜਾਏ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ। ਉੱਥੇ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਪ੍ਰੋਟੋਕਾਲ ਮੁਤਾਬਿਕ ਇਸ ਕੋਰੋਨਾ ਪੀੜਤ ਵਿਅਕਤੀ ਦੇ ਅੰਤਿਮ ਸੰਸਕਾਰ ਨੂੰ ਨੇਪਰੇ ਚੜ੍ਹਾਇਆ ਗਿਆ। ਇਸ ਮੌਕੇ ਮਿਰਤਕ ਦੇ 5 ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਗੁਰਦਾਸਪੁਰ, ਏ.ਡੀ.ਸੀ ਅਤੇ ਐੱਸ.ਡੀ.ਐਮ ਗੁਰਦਾਸਪੁਰ ਸਮੇਤ ਲੋੜੀਂਦੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।
ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਗੁਰਦਾਸਪੁਰ ਨੇ ਦੱਸਿਆ ਕਿ ਭੈਣੀ ਪਸਵਾਲ ਦੇ ਕੋਰੋਨ ਪੀੜਤ 60 ਸਾਲਾ ਬਜ਼ੁਰਗ ਮਰੀਜ਼ ਸੰਸਾਰ ਸਿੰਘ ਦਾ ਅੰਤਿਮ ਸੰਸਕਾਰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਨੇਪਰੇ ਚੜ੍ਹਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰੋਟੋਕਾਲ ਮੁਤਾਬਿਕ ਮ੍ਰਿਤਕ ਦੇਹ ਨੂੰ ਇਕ ਬੈਗ ਵਿਚ ਲਪੇਟਿਆ ਗਿਆ ਅਤੇ ਉਸ ਨੂੰ ਸਰਜੀਕਲ ਮਾਸਕ ਤੇ ਦਸਤਾਨੇ ਆਦਿ ਪਾ ਕੇ ਹੱਥ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਸਰੀਰ ਨੂੰ ਲਿਆਉਣ ਵਾਲੇ ਵਹੀਕਲ ਅਤੇ ਸੰਸਕਾਰ ਕਰਨ ਵਾਲੇ ਸਟਾਫ਼ ਨੂੰ ਹੁਣ ਸੋਡੀਅਮ ਹਾਈਪੋਕਲੋਰਾਈਟ ਨਾਲ ਸ਼ੈਨੀਟਾਇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਅੰਤਿਮ ਸੰਸਕਾਰ ਵਾਲੀ ਜਗਾ ਨੂੰ ਵੀ ਸੈਨੇਟਾਈਜ਼ ਕੀਤਾ ਜਾਵੇਗਾ ਅਤੇ ਇਸ ਪ੍ਰਕਿਰਿਆ ਵਿੱਚ ਸ਼ਾਮਿਲ ਪੂਰੇ ਅਮਲੇ ਨੂੰ ਵੀ ਸੈਨੇਟਾਈਜ ਕੀਤਾ ਜਾਵੇਗਾ।
ਡਾਕਟਰ ਕਿਸ਼ਨ ਚੰਦ ਨੇ ਦੱਸਿਆ ਕਿ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਸਿਰਫ਼ ਇਕ ਪਰਿਵਾਰਕ ਮੈਂਬਰ ਨੂੰ ਉਸ ਦਾ ਮੂੰਹ ਵੇਖਣ ਦੀ ਇਜਾਜ਼ਤ ਦਿੱਤੀ ਗਈ ਅਤੇ ਸਸਕਾਰ ਤੋਂ ਪਹਿਲਾਂ ਕੀਤੀਆਂ ਜਾਣ ਵਾਲੀ ਧਾਰਮਿਕ ਰਸਮਾਂ, ਪਾਣੀ ਨਾਲ ਸਬੰਧਿਤ ਰਸਮਾਂ ਮ੍ਰਿਤਕ ਦੇਹ ਨੂੰ ਛੂਹਣ ਤੋਂ ਬਿਨਾਂ ਕੀਤੀਆਂ ਗਈਆਂ। ਮ੍ਰਿਤਕ ਦੇਹ ਨੂੰ ਇਸ਼ਨਾਨ ਕਰਵਾਉਣ, ਚੁੰਮਣਾ ਜਾਂ ਗਲੇ ਨਾਲ ਲਗਾਉਣ ਆਦਿ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਅੰਤਿਮ ਸਸਕਾਰ ਨੇਪਰੇ ਚੜ੍ਹਨ ਤੋਂ ਬਾਦ ਮ੍ਰਿਤਕ ਦੇਹ ਦੇ ਫੁੱਲ ਚੁਗਣ ਦੀ ਰਸਮ ਵੀ ਕੀਤੀ ਜਾ ਸਕਦੀ ਹੈ।
ਉੱਥੇ ਦੂਜੇ ਪਾਸੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਬੀਤੀ 14 ਅਪ੍ਰੈਲ ਨੂੰ ਪਿੰਡ ਭੈਣੀ ਪਸਵਾਲ ਬਲਾਕ ਕਾਹਨੂੰਵਾਨ ਦੇ 60 ਸਾਲਾ ਮਰੀਜ਼ ਸੰਸਾਰ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ਟਿਵ ਆਉਣ ਮਗਰੋਂ ਉਦਾਸ ਇਲਾਜ ਦੌਰਾਨ ਅੱਜ ਕਰੀਬ ਦੁਪਹਿਰ 12.30 ਵਜੇ ਇਨ੍ਹਾਂ ਦਾ ਦਿਹਾਂਤ ਹੋ ਗਿਆ।
ਉੱਥੇ ਦੂਜੇ ਪਾਸੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਮਿਰਤਕ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ। ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਆਪਸੀ ਦੂਰੀ ਨੂੰ ਬਣਾ ਕੇ ਰੱਖਣ ਅਤੇ ਕਰਫ਼ਿਊ ਦੌਰਾਨ ਘਰਾਂ ਵਿਚ ਬਾਹਰ ਨਾ ਨਿਕਲਣ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਸੋਸ਼ਲ ਡਿਸਟੈਂਸ ਮੈਨਟੇਨ ਕਰਕੇ ਰੱਖਣ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਜ਼ਰੂਰ ਵਰਤੋਂ ਕਰਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ।