- ਕਿਹਾ, 16 ਦਿਨਾਂ ਤੋਂ ਕੋਈ ਵੀ ਪੋਜ਼ਟਿਵ ਕੇਸ ਨਹੀਂ ਆਇਆ ਸਾਹਮਣੇ
ਹੁਸ਼ਿਆਰਪੁਰ, 17 ਅਪ੍ਰੈਲ 2020 - ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਕੋਵਿਡ-19 ਸਬੰਧੀ ਹੁਣ ਤੱਕ 315 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 295 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 14 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ 16 ਦਿਨਾਂ ਤੋਂ ਜ਼ਿਲ੍ਹੇ ਵਿੱਚ ਕੋਈ ਵੀ ਪਾਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ, ਜੋ ਜ਼ਿਲ੍ਹੇ ਲਈ ਚੰਗੀ ਖਬਰ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਜੋ ਵਿਅਕਤੀ ਆਈਸੋਲੇਸ਼ਨ ਵਾਰਡ ਵਿਚੋਂ ਦੌੜਿਆ ਸੀ, ਉਸਨੂੰ ਪਿੰਡ ਕੋਡਲਾ, ਥਾਣਾ ਮਾਹਿਲਪੁਰ ਤੋਂ ਫੜ ਲਿਆ ਗਿਆ ਹੈ ਅਤੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕਰ ਲਿਆ ਗਿਆ ਹੈ। ਯੂਸਫ ਖਾਨ ਨੂੰ ਸ਼ੱਕੀ ਲੱਛਣਾਂ ਕਰਕੇ 6 ਅਪ੍ਰੈਲ ਨੂੰ ਦਸੂਹਾ ਤੋਂ ਲਿਆਂਦਾ ਗਿਆ ਸੀ। ਇਸ ਦੇ ਸੈਂਪਲ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 6 ਵਿਅਕਤੀਆਂ ਦੇ ਸੈਂਪਲ ਹੀ ਪਾਜ਼ੀਟਿਵ ਆਏ ਹਨ, ਜਿਨ੍ਹਾਂ ਵਿੱਚੋਂ ਪਿੰਡ ਮੋਰਾਂਵਾਲੀ ਦੇ ਇਕ ਪੋਜ਼ੀਟਿਵ ਮਰੀਜ਼ ਦੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਪਿਛਲੇ ਦਿਨੀਂ ਮੌਤ ਹੋ ਚੁੱਕੀ ਹੈ ਅਤੇ ਇਸ ਵਿਅਕਤੀ ਦਾ ਪੁੱਤਰ, ਜੋ ਪੋਜ਼ੀਟਵ ਸੀ ਉਹ ਬਿਲਕੁੱਲ ਠੀਕ ਹੋ ਗਿਆ ਹੈ ਅਤੇ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪੋਜ਼ੀਟਿਵ ਆਏ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਜਾ ਰਿਹਾ ਹੈ।
ਡਾ. ਜਸਵੀਰ ਸਿੰਘ ਨੇ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ 80 ਫੀਸਦੀ ਤੱਕ ਪੋਜ਼ੀਟਿਵ ਕੇਸ ਇਕਾਂਤਵਾਸ ਵਿੱਚ ਰਹਿ ਕੇ ਹੀ ਠੀਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਖਾਂਸੀ, ਜ਼ੁਕਾਮ ਅਤੇ ਬੁਖਾਰ ਆਦਿ ਲੱਛਣ ਵਾਲੇ ਵਿਅਕਤੀ ਤੁਰੰਤ ਆਪਣੇ ਨੇੜਲੇ ਸਿਹਤ ਕੇਂਦਰ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਜਾਗਰੂਕਤਾ ਅਤੇ ਸਾਵਧਾਨੀਆਂ ਵਰਤਕੇ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ, ਇਸ ਲਈ ਹੱਥਾਂ ਦੀ ਸਫਾਈ ਅਤੇ ਪੌਸ਼ਟਿਕ ਖੁਰਾਕ ਯਕੀਨੀ ਬਣਾਈ ਜਾਵੇ।