ਅਰੁਣ ਆਹੂਜਾ
- ਚੀਨ ਖ਼ਿਲਾਫ਼ ਇਕ ਜੁੱਟ ਹੋਏ ਜੀ-7 ਦੇਸ਼
- ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਂ ਨੂੰ ਲੈ ਕੇ ਚੀਨ ਤੋਂ ਹੋਈ ਗਲਤੀ ਲੁਕੋਈ-ਅਮਰੀਕਾ
- ਘਰ ਤੋਂ ਬਾਹਰ ਕੋਰੋਨਾ, ਅੰਦਰ ਘਰੇਲੂ ਹਿੰਸਾ ਦਾ ਵਾਇਰਸ—ਕਈ ਗੁਣਾ ਵਧੇ ਘਰੇਲੂ ਹਿੰਸਾ ਦੇ ਮਾਮਲੇ
- ਜੇਕਰ ਕੋਰੋਨਾ ਮਹਾਂਮਾਰੀ 2014 ਵਿਚ ਆਉਂਦੀ ਤਾਂ ਕੀ ਮੰਜ਼ਰ ਹੁੰਦਾ ਭਾਰਤ ਵਿਚ?
- ਸਾਵਧਾਨ-ਸਿਹਤਯਾਬ ਹੋ ਚੁੱਕੇ ਲੋਕਾਂ ਨੂੰ ਫਿਰ ਹੋ ਰਿਹਾ ਹੈ ਕੋਰੋਨਾਂ
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ 2020 - ਇਸ ਆਧੁਨਿਕ ਮਸ਼ੀਨੀ ਯੁੱਗ ਵਿਚ ਕੁਦਰਤੀ ਨਿਯਮਾਂ ਨੂੰ ਛਿੱਕੇ ਟੰਗ ਕੇ ਸਮੇਂ ਤੋਂ ਕਾਫੀ ਅੱਗੇ ਲੰਘ ਚੁੱਕੇ ਮਨੁੱਖ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਹੋਣਾ ਕਿ ਭਵਿੱਖ ਵਿਚ ਉਸ ਨੂੰ ਕੋਵਿਡ-19 ਵਰਗੀਂ ਭਿਆਨਕ ਸੰਸਾਰਕ ਮਹਾਂਮਾਰੀ ਦਾ ਸਾਹਮਣਾ ਕਰਨਾ ਪਵੇਗਾ। ਅੱਜ ਅਸੀਂ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਜੰਗ ਲੜ ਰਹੇ ਹਾਂ, ਜਿਸ ਦਾ ਮਨੁੱਖ ਨੂੰ ਚਿਤ-ਚੇਤਾ ਵੀ ਨਹੀਂ ਸੀ। ਇਸ ਅਤਿ ਖਤਰਨਾਕ ਵਾਇਰਸ ਕੋਵਿਡ-19 ਨਾਲ ਲੜਨ ਲਈ ਐਂਟੀ-ਡੋਟ ਬਣਾਉਣ ਵਿਚ ਵੱਡੀਆਂ-ਵੱਡੀਆਂ ਖੋਜ਼ਾਂ ਧਰੀਆਂ ਰਹਿ ਗਈਆਂ ਹਨ। ਅੱਜ ਕੋਰੋਨਾ ਵਾਇਰਸ ਨੇ ਤਕਰੀਬਨ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਚੁੱਕਿਆ ਹੈ, ਜਿਸ ਦੇ ਚੱਲਦਿਆਂ ਹੁਣ ਤੱਕ ਦੁਨੀਆ ਭਰ ਵਿਚ ਡੇਢ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਲੱਖਾਂ ਦੀ ਗਿਣਤੀ ਵਿਚ ਕੋਰੋਨਾਂ ਪਾਜ਼ਿਟਿਵ ਲੋਕ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਜੇਕਰ ਸੰਸਾਰ ਦੇ ਸਾਰਿਆਂ ਨਾਲੋਂ ਵੱਧ ਸੰਪਨ ਦੇਸ਼ ਅਮਰੀਕਾ ਦੀ ਗੱਲ ਕਰੀਏ ਤਾਂ ਵੱਡਾ ਦੁਖਾਂਤ ਇਹ ਹੈ ਕਿ ਕੋਰੋਨਾਂ ਨੇ ਉਥੇ ਇਸ ਕਦਰ ਗਦਰ ਮਚਾ ਕੇ ਰੱਖ ਦਿੱਤਾ ਹੈ ਕਿ ਪਿਛਲੇ 24 ਘੰਟਿਆਂ ਵਿਚ ਉਥੇ ਇੰਨੀਆਂ ਜ਼ਿਆਦਾ ਮੌਤਾ ਹੋਈਆਂ ਹਨ, ਜਿਨ੍ਹੀਆਂ ਵਰਲਡ ਟ੍ਰੇਡ ਸੈਂਟਰ 9-11 ਵਾਲੇ ਹਾਦਸੇ ਵਿਚ ਵੀ ਨਹੀਂ ਹੋਈਆਂ ਸਨ। ਇਹ ਅੰਕੜਾ ਰੋਜ਼ਾਨਾਂ 45 ਮੌਤਾਂ ਤੋਂ ਵੱਧ ਸੀ। ਹੁਣ ਕੋਰੋਨਾਂ ਨੂੰ ਲੈ ਕੇ ਚੀਨ ਦੀ ਸਾਜ਼ਿਸ਼ ਭਰੀਆਂ ਪਰਤਾਂ ਹੌਲੀ-ਹੌਲੀ ਖੁੱਲ੍ਹਣ ਲੱਗੀਆਂ ਹਨ। ਹੁਣ ਤੱਕ ਚੀਨ ਕੋਰੋਨਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਦੀ ਮੌਤ ਦੇ ਆਕੜਿਆਂ ਨੂੰ ਲੈ ਕੇ ਜੋ ਦਾਅਵੇ ਕਰ ਰਿਹਾ ਸੀ, ਉਹ ਝੂਠੇ ਸਾਬਤ ਹੋ ਰਹੇ ਹਨ। ਆਪਣੇ ਬਿਆਨਾਂ ਤੋਂ ਮੁੱਕਰੇ ਚੀਨ ਨੂੰ ਹੁਣੇ ਹੀ ਕੋਰੋਨਾ ਕਾਰਨ ਮਾਰੇ ਗਏ ਨਾਗਰਿਕਾਂ ਦੇ ਆਕੜਿਆਂ ਵਿਚ ਕਾਫੀ ਵਾਧਾ ਕਰਨਾ ਪਿਆ ਹੈ, ਜਿਸ ਦੇ ਚੱਲਦਿਆਂ ਅੱਜ ਹੀ ਜੀ-7 ਦੇਸ਼ਾਂ ਦੇ ਪ੍ਰਮੁੱਖ ਆਗੂਆਂ ਦੀ ਇਕ ਮੀਟਿੰਗ ਹੋਈ ਹੈ, ਜਿਸ ਵਿਚ ਇਨ੍ਹਾਂ ਦੇਸ਼ਾਂ ਨੇ ਸਿੱਧੇ ਤੌਰ ਤੇ ਕੋਰੋਨਾਂ ਵਾਇਰਸ ਨੂੰ ਲੈ ਕੇ ਚੀਨ ਉੱਤੇ ਸਵਾਲ ਉਠਾਏ ਹਨ।
ਦੱਸ ਦੇਈਏ ਕਿ ਇਹ ਦੇਸ਼ 58 ਫੀਸਦੀ ਗਲੋਬਲ ਦਾ ਹਿੱਸਾ ਹਨ, ਜਿਨ੍ਹਾਂ ਵਿਚ ਆਰਥਿਕ ਤੌਰ ਉੱਤੇ ਸੰਪੰਨ ਦੇਸ਼ ਆਉਂਦੇ ਹਨ, ਜਿਨ੍ਹਾਂ ਵਿਚ ਯੁਨਾਇਟਡ ਸਟੇਟ, ਇਟਲੀ, ਜਾਪਾਨ, ਯੂ.ਕੇ., ਕੈਨੇਡਾ, ਜਰਮਨੀ ਤੇ ਫਰਾਂਸ ਆਦਿ ਦੇਸ਼ ਸ਼ਾਮਲ ਹਨ। ਇਸ ਮੀਟਿੰਗ ਵਿਚ ਜਿੱਥੇ ਅਤਿ ਤੇਜ਼ ਰਫ਼ਤਾਰ ਨਾਲ ਡਿੱਗ ਰਹੇ ਆਰਥਿਕ ਪੱਧਰ ਉੱਤੇ ਚਿੰਤਾ ਜ਼ਾਹਿਰ ਕੀਤੀ ਗਈ ਉਥੇ ਵਿਸ਼ਵ ਸਿਹਤ ਸੰਗਠਨ ਦੀ ਕੋਰੋਨਾ ਤੇ ਚੀਨ ਨੂੰ ਲੈ ਕੇ ਨਿਭਾਈ ਗਈ ਵਿਸ਼ਵ ਵਿਰੋਧੀ ਭੂਮਿਕਾ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ। ਅਸਲ ਮਾਅਨਿਆਂ ਵਿਚ ਇਸ ਮੀਟਿੰਗ ਦੌਰਾਨ ਵਿਸ਼ਵ ਸਿਹਤ ਸੰਗਠਨ ਤੇ ਚੀਨ ਦੀ ਕਥਿਤ ਮਿਲਿ ਭਗਤ ਉੱਤੇ ਉਠਾਏ ਸਵਾਲ ਸਾਫ ਇਸ਼ਾਰਾ ਕਰ ਰਹੇ ਸੀ ਕਿ ਆਉਣ ਵਾਲੇ ਦਿਨਾਂ ਵਿਚ ਇਹ ਦੇਸ਼ ਚੀਨ ਅਤੇ ਵਿਸ਼ਵ ਸਿਹਤ ਸੰਗਠਨ ਖ਼ਿਲਾਫ਼ ਕੋਈ ਵੱਡਾ ਐਲਾਨ ਕਰਨਗੇ। ਵਿਸ਼ਵ ਸਿਹਤ ਸੰਗਠਨ ਦੇ ਮੌਜੂਦਾ ਡਾਇਰੈਕਟਰ ਜਨਰਲ ਦੇ ਚੀਨ ਨਾਲ ਪੁਰਾਣੇ ਰਿਸ਼ਤਿਆਂ ਨੂੰ ਖੰਗਾਲਣ ਦੀ ਲੌੜ ਹੈ। ਪਿਛਲੇ ਦਹਾਕਿਆਂ ਦੌਰਾਨ ਇਸ ਵਿਅਕਤੀ ਦੀ ਸਮੇਂ-ਸਮੇਂ ਉਤੇ ਕੀਤੀ ਗਈ ਮਦਦ, ਇਸ ਗੱਲ ਵੱਲ ਸਾਫ ਇਸ਼ਾਰਾ ਕਰਦੀ ਹੈ ਕਿ, ਉਸ ਕਿਸ ਤਰ੍ਹਾਂ ਚੀਨ ਦੀਆਂ ਗਲਤੀਆਂ ਉਤੇ ਪਰਦਾ ਪਾ ਰਹੇ ਹਨ।
ਇਨ੍ਹਾਂ ਵਿਚੋਂ ਆਰਥਿਕ ਪੱਧਰ ਉੱਤੇ ਦੁਨੀਆ ਭਰ ਵਿਚ ਮਜ਼ਬੂਤ ਮੰਨੇ ਜਾਂਦੇ ਦੇਸ਼ ਅਮਰੀਕਾ ਨੇ ਪਹਿਲਾ ਹੀ ਵਿਸ਼ਵ ਸਿਹਤ ਸੰਗਠਨ ਨੂੰ ਜਾਂਦੇ ਅਰਬਾਂ ਰੁਪਏ ਦੇ ਫੰਡਾਂ ਨੂੰ ਰੋਕ ਦੇਣ ਦਾ ਵੱਡਾ ਐਲਾਨ ਕਰ ਦਿੱਤਾ ਹੈ। ਅਮਰੀਕਾ ਦੇ ਇਕ ਵੱਡੇ ਨਿਊਜ਼ ਚੈਨਲ ਨੇ ਅੱਜ ਆਪਣੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਅਮਰੀਕਾ ਦੇ ਡਿਪਲੋਮੈਟਸ ਦੀ ਇਕ ਟੀਮ 2018 ਵਿਚ ਚੀਨ ਵਿਚ ਸਥਿਤ ਵੁਹਾਨ ਦੀ ਬਾਇਲੋਜੀ ਲੈਬ ਦਾ ਦੌਰਾ ਕਰਨ ਗਈ ਸੀ, ਜਿਸ ਟੀਮ ਦੇ ਮੈਂਬਰਾਂ ਨੇ ਉਸ ਸਮੇਂ ਲੈਬ ਵਿਚ ਮਾੜੇ ਪ੍ਰਬੰਧਾਂ ਤੇ ਉਂਗਲੀ ਉਠਾਈ ਸੀ ਤੇ ਦਾਅਵਾ ਕੀਤਾ ਸੀ ਕਿ ਉਥੇ ਕੈਦ ਕੀਤੇ ਅਤਿ ਖਤਰਨਾਕ ਵਾਇਰਸ ਵਿਅਕਤੀ ਤੋਂ ਵਿਅਕਤੀ ਫੈਲਣ ਦੀ ਸਮਰਥਾ ਰੱਖਦੇ ਹਨ, ਪਰੰਤੂ ਸਵਾਲ ਇਹ ਹੈ ਕਿ ਉਸ ਸਮੇਂ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਉੱਤੇ ਇਨ੍ਹਾਂ ਮਾੜੇ ਪ੍ਰਬੰਧਾਂ ਨੂੰ ਸੁਧਾਰਨ ਉੱਤੇ ਜ਼ੋਰ ਕਿਉਂ ਨਹੀਂ ਪਾਇਆ।
ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਨੇ ਸੋਚੀ ਸਮਝੀ ਸਾਜ਼ਿਸ਼ ਅਧੀਨ ਕੋਰੋਨਾ ਦੀ ਪੂਰੀ ਦੁਨੀਆ ਖ਼ਿਲਾਫ਼ ਬਾਇਓ ਵੈਪਨ ਦੇ ਰੂਪ ਵਿਚ ਦੁਰਵਰਤੋਂ ਕੀਤੀ ਹੈ। ਇਨ੍ਹਾਂ ਮਾਹਿਰਾਂ ਵਿਚ ਵੱਖ-ਵੱਖ ਦੇਸ਼ਾਂ ਦੇ ਵਿਗਿਆਨੀ, ਵੱਡੇ ਨੇਤਾ ਤੇ ਬੁੱਧੀਜੀਵੀ ਸ਼ਾਮਲ ਹਨ। ਕੋਈ ਕਹਿੰਦਾ ਹੈ ਕਿ ਇਹ ਵਾਇਰਸ ਵੁਹਾਨ ਦੀ ਉਸ ਬਾਇਲੋਜੀ ਲੈਬ ਵਿਚ ਤਿਆਰ ਕੀਤਾ ਗਿਆ, ਜਿਥੋਂ ਇਕ ਕਰਮਚਾਰੀ ਰਾਹੀਂ ਇਸ ਵਾਇਰਸ ਨੂੰ ਦੁਨੀਆ ਭਰ ਵਿਚ ਫੈਲਾਇਆ ਗਿਆ। ਕਈਆਂ ਦਾ ਕਹਿਣਾ ਹੈ ਕਿ ਇਹ ਵਾਇਰਸ ਚੀਨ ਦੇ ਉਸ ਸ਼ਹਿਰ ਵਿਚ ਸਥਿਤ ਜਾਨਵਰਾਂ (ਵੈਟ ਮਾਰਕੀਟ) ਵਿਚ ਵੱਢ ਕੇ ਤਿਆਰ ਕੀਤੇ ਜਾਂਦੇ ਚਮਗਾਦੜਾਂ ਰਾਹੀਂ ਫੈਲਿਆ ਹੈ। ਇਨ੍ਹਾਂ ਦਾਅਵਿਆਂ ਨੂੰ ਲੈ ਕੇ ਚੀਨ ਆਪਣੇ ਉੱਤੇ ਉੱਠ ਰਹੇ ਸਵਾਲਾਂ ਨੂੰ ਗਲਤ ਦੱਸ ਰਿਹਾ ਹੈ ਤੇ ਹਮੇਸ਼ਾ ਇਹ ਕਹਿ ਕੇ ਪੱਲਾ ਝਾੜ ਰਿਹਾ ਹੈ ਕਿ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਇਸ ਦੀ ਜਾਂਚ ਜਾਰੀ ਹੈ।
ਜਦੋਂ ਅਮਰੀਕਾ ਵਰਗੇ ਦੇਸ਼ ਨੇ ਚੀਨ ਉੱਤੇ ਸਵਾਲ ਉਠਾਏ ਤਾਂ ਵਿਸ਼ਵ ਸਿਹਤ ਸੰਗਠਨ ਨੇ ਹਰ ਪੱਖੋਂ ਚੀਨ ਦੀ ਸੁਰੱਖਿਆ ਢਾਲ ਬਣ ਕੇ ਉਸ ਦਾ ਸਾਥ ਦਿੱਤਾ, ਜਿਸ ਦੇ ਚੱਲਦਿਆਂ ਦੁਨੀਆ ਭਰ ਦੇ ਸਾਰਿਆਂ ਦੇਸ਼ਾਂ ਦੀ ਅਗਵਾਈ ਕਰਨ ਵਾਲੀ ਇਹ ਸੰਸਥਾ ਆਪਣੀ ਇਮਾਨਦਾਰੀ ਦੀ ਸਾਖ ਨੂੰ ਗਵਾਉਂਦੀ ਜਾ ਰਹੀ ਹੈ। ਕੋਰੋਨਾ ਦੇ ਚੱਲਦਿਆਂ ਜਿੱਥੇ ਤਕਰੀਬਨ 400 ਕਰੋੜ ਤੋਂ ਵੱਧ ਦੀ ਆਬਾਦੀ ਲਾਕਡਾਉਨ ਹੈ, ਉੱਥੇ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ ਕਈ ਗੁਣਾ ਵਾਧਾ ਹੋ ਗਿਆ ਹੈ। ਜਿਸ ਨੂੰ ਲੈ ਕੇ ਕਈ ਦੇਸ਼ਾਂ ਵਿਚ ਤਾਂ ਉਥੋਂ ਦੇ ਮਹਿਲਾ ਆਯੋਗ ਨੇ ਮਹਿਲਾਵਾਂ ਲਈ ਮੈਡੀਕਲ ਸਟੋਰਾਂ ਉੱਤੇ ਵਿਅਕਤੀਗਤ ਕੋਡ ਦੇਣੇ ਵੀ ਸ਼ੁਰੂ ਕਰ ਦਿੱਤੇ ਹਨ। ਜਿਵੇਂ ਇਕ ਦੇਸ਼ ਦੇ ਇਸ ਵਿਭਾਗ ਨੇ ਮਹਿਲਾਵਾਂ ਨੂੰ ਕਿਹਾ ਹੈ ਕਿ ਉਹ ਜੇਕਰ ਖੁੱਲ੍ਹ ਕੇ ਆਪਣੇ ਪਤੀ ਜਾਂ ਸਹੁਰਿਆਂ ਦੀ ਸ਼ਿਕਾਇਤ ਨਹੀਂ ਕਰ ਸਕਦੀ ਤਾਂ ਉਹ ਆਪਣੇ ਨੇੜਲੇ ਕਿਸੇ ਵੀ ਮੈਡੀਕਲ ਸਟੋਰ ਤੇ ਦਵਾਈ ਲੈਣ ਦੇ ਬਹਾਨੇ ਦੁਕਾਨਦਾਰ ਨੂੰ ਕੋਵਿਡ-9 ਦੱਸਣ, ਜਿਸ ਦੇ ਚੱਲਦਿਆਂ ਉਥੋਂ ਦੇ ਪੁਲਿਸ ਵਿਭਾਗ ਨੂੰ ਇਸ ਦੀ ਜਾਣਕਾਰੀ ਮਿਲ ਜਾਵੇਗੀ ਤੇ ਉਹ ਫੌਰੀ ਤੌਰ 'ਤੇ ਉਸ ਦੇ ਘਰ ਪਹੁੰਚ ਕੇ ਮਹਿਲਾ ਦੀ ਸ਼ਿਕਾਇਤ ਦਰਜ ਕਰ ਲਵੇਗਾ।
ਕਈ ਦੇਸ਼ਾਂ ਵਿਚ ਤਾਂ ਮਹਿਲਾਵਾਂ ਦੇ ਪਤੀ ਵਲੋਂ ਝਗੜੇ ਦੌਰਾਨ ਉਸ ਉੱਤੇ ਥੁੱਕਣ ਦੀਆਂ ਵੀ ਸ਼ਿਕਾਇਤਾਂ ਦਰਜ ਹੋਈਆਂ ਹਨ। ਸੱਭਿਆਚਾਰਕ ਦੇਸ਼ ਭਾਰਤ, ਜਿਥੇ 90 ਫੀਸਦੀ ਔਰਤਾਂ ਕਿਸੇ ਥਾਣੇ ਵਿਚ ਘਰੇਲੂ ਹਿੰਸਾ ਦੀ ਸ਼ਿਕਾਇਤ ਵੀ ਨਹੀਂ ਦਰਜ ਕਰਵਾਉਂਦੀਆਂ, ਉਸ ਦੇਸ਼ ਵਿਚ ਵੀ ਫੋਨ ਅਤੇ ਆਨ ਲਾਇਨ ਜ਼ਰੀਏ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਕਾਫੀ ਵੱਧ ਰਹੀਆਂ ਹਨ। ਮਨੁੱਖ ਨੂੰ ਇਹ ਸੋਚਣਾ ਪੈ ਰਿਹਾ ਹੈ ਕਿ ਘਰ ਦੇ ਬਾਹਰ ਕੋਰੋਨਾਂ ਵਾਇਰਸ ਤੇ ਘਰ ਵਿਚ ਘਰੇਲੂ ਹਿੰਸਾ ਵਾਲਾ ਵਾਇਰਸ, ਆਖਰ ਲੋਕ ਜਾਣ ਤਾਂ ਕਿਥੇ ਜਾਣ?
ਅੱਜ ਮੈਂ ਇਕ ਖਾਸ ਵਿਸ਼ਲੇਸ਼ਣ ਕਰਨ ਜਾ ਰਿਹਾ ਹਾਂ, ਜਿਸ ਵਿਚ ਅਸੀਂ ਅੰਦਾਜ਼ਾ ਲਗਾਵਾਂਗੇ ਕਿ ਜੇਕਰ ਇਹ ਕੋਰੋਨਾ ਵਾਇਰਸ ਹੁਣ ਦੀ ਥਾਂ 2014 ਤੋਂ ਪਹਿਲਾਂ ਆਇਆ ਹੁੰਦਾ ਤਾਂ ਭਾਰਤ ਵਿਚ ਕੀ ਮੰਜ਼ਰ ਹੋਣਾ ਸੀ। ਇਸ ਵਿਚ ਅਸੀਂ 6 ਅਹਿਮ ਫੈਸਲਿਆਂ (ਸਕੀਮਾਂ) ਨਾਲ ਭਾਰਤ ਵਿਚ ਫੈਲਣ ਵਾਲੇ ਕੋਰੋਨਾ ਦੀ ਅੰਦਾਜ਼ਨ ਸਥਿਤੀ ਉੱਤੇ ਰੌਸ਼ਨੀ ਪਾਵਾਂਗੇ। 2014 ਜਦੋਂ ਲੋਕ ਸਭਾ ਚੋਣਾਂ ਹੋਣ ਤੇ ਨਰਿੰਦਰ ਮੋਦੀ ਪਹਿਲੀ ਵਾਰ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਜਿਨ੍ਹਾਂ ਨੇ ਦੇਸ਼ ਵਿਚ ਇਹ ਸਕੀਮਾਂ ਚਲਾਈਆਂ। ਪਹਿਲੀ-36 ਕਰੋੜ ਲੋਕਾਂ ਨੂੰ ਬੈਂਕ ਖਾਤਿਆਂ ਨਾਲ ਜੋੜਿਆ, ਸੋਚੋ ਜੇਕਰ ਦੇਸ਼ ਦੇ 36 ਕਰੋੜ ਲੋਕਾਂ ਦੇ ਬੈਂਕ ਖਾਤੇ ਨਾ ਖੋਲ੍ਹੇ ਹੁੰਦੇ ਤਾਂ ਕੀ ਸਰਕਾਰਾਂ ਇਨ੍ਹਾਂ 36 ਕਰੋੜ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸਿੱਧੀ ਬੈਂਕ ਖਾਤਿਆਂ ਰਾਹੀਂ ਸਹਾਇਤਾ ਰਾਸ਼ੀ ਪਾ ਸਕਦੀ। ਹੁਣ ਜਦੋਂ ਬੈਂਕ ਖਾਤੇ ਖੋਲ੍ਹੇ ਹੋਏ ਸੀ ਤਾਂ ਹੀ ਕਈ ਰਾਜਾਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੇ ਬੈਂਕ ਖਾਤਿਆਂ ਰਾਹੀਂ ਸਿੱਧੀ ਸਹਾਇਤਾ ਰਾਸ਼ੀ ਜਮਾਂ ਕਰਵਾਈ ਹੈ ਤੇ ਆਉਣ ਵਾਲੇ ਦਿਨਾਂ ਵਿਚ ਸਰਕਾਰ ਰਹਿੰਦੇ ਖਾਤਿਆਂ ਵਿਚ ਵੀ ਰਾਸ਼ੀ ਜਮਾਂ ਕਰਵਾ ਸਕਦੀ ਹੈ।
ਦੂਜੀ- ਦੇਸ਼ ਦੇ 18 ਹਜ਼ਾਰ ਪਿੰਡਾਂ ਵਿਚ ਬਿਜਲੀ ਸਪਲਾਈ ਪਹੁੰਚਾਈ, ਸੋਚਣ ਵਾਲੀ ਗੱਲ ਹੈ ਕਿ ਜੇਕਰ ਇਨ੍ਹਾਂ ਪਿੰਡਾਂ ਦੇ ਵਸਨੀਕ ਇਨ੍ਹਾਂ ਲੱਖਾਂ ਲੋਕਾਂ ਦੇ ਘਰ ਬਿਜਲੀ ਨਾਂ ਹੁੰਦੀ ਤਾਂ ਕੀ ਇਹ ਲੋਕ ਲਾਕਡਾਉਨ ਦੌਰਾਨ ਘਰਾਂ ਵਿਚ ਟਿਕ ਕੇ ਬੈਠਦੇ? ਤੀਜੀ-2 ਕਰੋੜ ਲੋਕਾਂ ਨੂੰ ਆਪਣਾ ਮਕਾਨ ਬਣਾਉਣ ਵਿਚ ਸਹਾਇਤਾ ਦਿੱਤੀ, ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜੇਕਰ ਇਨ੍ਹਾਂ 2 ਕਰੋੜ ਲੋਕਾਂ ਨੂੰ ਆਪਣਾ ਘਰ ਬਣਾਉਣ ਦੀ ਸਕੀਮ ਤਹਿਤ ਸਹਾਇਤਾ ਨਾ ਦਿੱਤੀ ਜਾਂਦੀ ਤਾਂ ਇਨ੍ਹਾਂ ਕਰੋੜ ਲੋਕਾਂ ਨਾਲ ਜੁੜੇ ਉਨ੍ਹਾਂ ਦੇ ਕਈ ਕਰੋੜ ਪਰਿਵਾਰਕ ਮੈਂਬਰ ਅੱਜ ਘਰੋਂ ਬੇਘਰ ਹੁੰਦੇ, ਅਜਿਹੇ ਵਿਚ ਬਿਨਾਂ ਛੱਤ ਦੇ ਲਾਕਡਾਉਨ ਦਾ ਪਾਲਨ ਕਰਨਾਂ ਬਹੁਤ ਔਖਾ ਹੁੰਦਾ। ਚੌਥੀ- ਕਰੋੜਾਂ ਪਰਿਵਾਰਾਂ ਨੂੰ ਪਖਾਨੇ ਬਣਵਾ ਕੇ ਦਿੱਤੇ, ਜੇਕਰ ਇਨ੍ਹਾਂ ਲੋਕਾਂ ਕੋਲ ਪਖਾਨੇ ਨਾਂ ਹੁੰਦੇ ਤਾਂ ਇਹ ਲੋਕ ਪਖਾਨੇ ਦੇ ਬਹਾਨੇ ਹੀ ਸਹੀ ਲਾਕਡਾਉਨ ਦਾ ਉਲੰਘਣ ਕਰਦੇ। 5ਵੀਂ-9 ਕਰੋੜ ਮਹਿਲਾਵਾਂ ਨੂੰ ਗੈਸ ਚੁੱਲ੍ਹਾ ਦਿੱਤਾ, ਜੇਕਰ ਇਨ੍ਹਾਂ ਮਹਿਲਾਵਾਂ ਕੋਲ ਗੈਸ ਚੁੱਲ੍ਹੇ ਨਾ ਹੁੰਦੇ ਤਾਂ ਇਹ ਉਹ ਲੋਕ ਹੁੰਦੇ ਜੋ ਚੂੱਲ੍ਹਾ ਬਾਲਣ ਲਈ ਲੱਕੜੀ ਲੈਣ ਲਈ ਜੰਗਲਾਂ ਵਿਚ ਜਾਂਦੇ। 6ਵੀਂ-ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ਼ਾ। ਇਨ੍ਹਾਂ ਸਕੀਮਾਂ ਤੋਂ ਬਿਨਾਂ ਇਨ੍ਹਾਂ ਕਰੋੜਾਂ ਪਰਿਵਾਰਾਂ ਨੂੰ ਘਰਾਂ ਤੋਂ ਬਾਹਰ ਘੁੰਮਦੇ ਦੇਖ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਇਹ ਸਕੀਮਾਂ ਦਾ ਲਾਭ ਇਨ੍ਹਾਂ ਨੂੰ ਨਾ ਮਿਲਿਆ ਹੁੰਦਾ ਤਾਂ ਅੱਜ ਲਾਕਡਾਉਨ ਦੇ ਚੱਲਦਿਆਂ ਭਾਰਤ ਦਾ ਕੀ ਹਾਲ ਹੋਣਾ ਸੀ।
ਅਸੀਂ ਕਿਸੇ ਵੀ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕਰਦੇ ਪਰੰਤੂ ਇਨ੍ਹਾਂ ਸਕੀਮਾਂ ਦੀ ਪ੍ਰਸ਼ੰਸਾ ਜ਼ਰੂਰ ਕਰਾਂਗੇ, ਜਿਨ੍ਹਾਂ ਸਦਕਾ ਅੱਜ ਦੇਸ਼ ਕਾਫੀ ਹੱਦ ਤੱਕ ਲਾਕਡਾਊਨ ਦਾ ਪਾਲਨ ਕਰਨ ਵਿਚ ਸਹਾਈ ਸਾਬਤ ਹੋ ਰਿਹਾ ਹੈ। ਅੱਜ ਜੇਕਰ ਦੇਸ਼ ਵਿਚ ਸਿਰਫ਼ 14 ਹਜ਼ਾਰ ਦੇ ਕਰੀਬ ਮਾਮਲੇ ਹਨ ਤਾਂ ਉਹ ਸਿਰਫ਼ ਲਾਕਡਾਊਨ ਕਰਕੇ, ਕਿਉਂਕਿ ਜੇਕਰ ਲਾਕਡਾਊਨ ਨਾ ਹੁੰਦਾ ਤਾਂ ਭਾਰਤ ਦੇ ਸਿਹਤ ਵਿਭਾਗ ਅਨੁਸਾਰ ਦੇਸ਼ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਇਸ ਮਹਾਂਮਾਰੀ ਦਾ ਸ਼ਿਕਾਰ ਹੋਏ ਹੁੰਦੇ। ਫਿਲਹਾਲ ਦੇਸ਼ ਵਿਚ ਇਸ ਵਾਇਰਸ ਨਾਲ ਗ੍ਰਸਤ ਭਾਰਤ ਦੇ ਲੋਕਾਂ ਵਿਚ 13 ਫੀਸਦੀ ਲੋਕ ਸਿਹਤਯਾਬ ਹੋ ਕੇ ਘਰ ਪਹੁੰਚਣ ਵਿਚ ਸਫਲ ਹੋ ਰਹੇ ਹਨ।
ਇਕ ਹੋਰ ਚੰਗੀ ਖ਼ਬਰ ਇਹ ਹੈ ਕਿ ਕੁਝ ਦਿਨ ਪਹਿਲਾਂ ਜਿੰਨੇ ਕੋਰੋਨਾਂ ਦੇ ਮਾਮਲੇ 3 ਦਿਨਾਂ ਵਿਚ ਵੱਧ ਰਹੇ ਸੀ ਉਹ ਦੀ ਰਫ਼ਤਾਰ ਪਹਿਲਾ ਨਾਲੋਂ ਅੱਧੀ ਰਹਿ ਗਈ ਹੈ, ਮਤਲਬ ਹੁਣ ਉਹ ਗਿਣਤੀ 6 ਦਿਨਾਂ ਵਿਚ ਵੱਧ ਰਹੀ ਹੈ। ਜੇਕਰ ਅਸੀਂ ਲਾਕਡਾਊਨ ਦਾ ਇਸੇ ਤਰ੍ਹਾਂ ਪਾਲਨ ਕਰਦੇ ਰਹੇ ਅਤੇ ਸਿਹਤ ਪ੍ਰਸ਼ਾਸਨ ਲੋਕਾਂ ਨੂੰ ਸਹੂਲਤਾਂ ਦਿੰਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਅਸੀਂ ਇਸ ਵਾਇਰਸ ਨੂੰ ਖਤਮ ਕਰਨ ਵੱਲ ਵੀ ਤੁਰ ਪਵਾਂਗੇ। ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਕੋਲੋਂ 10 ਲੱਖ ਟੈਸਟਿੰਗ ਕਿੱਟਾਂ ਦੀ ਮੰਗ ਕੀਤੀ ਸੀ ਤੇ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਸਿਰਫ਼ 10 ਹਜ਼ਾਰ ਹੀ ਮਿਲ ਸਕੀਆਂ ਨੇ। ਇਕ ਵਿਸ਼ਾ ਕਾਫੀ ਚਿੰਤਾ ਵਾਲਾ ਕਿ ਜਿਹੜੇ ਲੋਕ ਕੋਰੋਨਾ ਤੋਂ ਠੀਕ ਹੋ ਜਾਂਦੇ ਹਨ ਉਨ੍ਹਾਂ ਨੂੰ ਦੁਬਾਰਾ ਇਹ ਵਾਇਰਸ ਆਪਣੀ ਚਪੇਟ ਵਿਚ ਲੈ ਸਕਦਾ ਹੈ। ਕਈ ਦੇਸ਼ਾਂ ਵਿਚ ਹੁਣ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਹੜੇ ਕੋਰੋਨਾ ਤੋਂ ਸਿਹਤਯਾਬ ਹੋ ਕੇ ਘਰ ਆ ਗਏ ਸੀ ਪਰੰਤੂ ਉਹ ਲਾਪਰਵਾਹੀ ਕਾਰਨ ਫਿਰ ਕੋਰੋਨਾਂ ਗ੍ਰਸਤ ਹੋ ਰਹੇ ਹਨ। ਇਸ ਲਈ ਸਾਨੂੰ ਭਵਿੱਖ ਵਿਚ ਵੀ ਕੋਰੋਨਾਂ ਦੇ ਚੱਲਦਿਆਂ ਨਵੇਂ ਨਿਯਮਾਂ ਦਾ ਸਖ਼ਤੀ ਨਾਲ ਪਾਲਨ ਕਰਨਾ ਪਵੇਗਾ, ਤਾਂ ਹੀ ਅਸੀਂ ਸਮੇਂ ਦੇ ਹਾਣੀ ਬਣ ਕੇ ਆਪਣੀ ਜਿੰਦਗੀ ਜਿਉ ਸਕਦੇ ਹਾਂ।
ਕੋਰੋਨਾ ਵਾਇਰਸ ਨੇ ਆਮ ਲੋਕਾਂ ਨੂੰ ਇਸ ਕਦਰ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਮਨੁੱਖ ਨੂੰ ਆਪਣੀ ਜੀਵਨਸ਼ੈਲੀ ਨੂੰ ਲਾਜ਼ਮੀ ਬਦਲਣਾ ਪਵੇਗਾ। ਹੁਣ ਪਹਿਲਾ ਦੀ ਤਰ੍ਹਾਂ ਅਸੀਂ ਕਿਸੇ ਨਾਲ ਹੱਥ ਨਹੀਂ ਮਿਲਾ ਸਕਦੇ, ਕਿਸੇ ਨੂੰ ਗਲੇ ਨਹੀਂ ਮਿਲ ਸਕਦੇ ਤੇ ਭੀੜ ਵਾਲੇ ਪ੍ਰੋਗਰਾਮ ਇਕ ਸੁਪਨਾ ਜਿਹਾ ਹੀ ਜਾਪ ਰਹੇ ਹਨ। ਅਸੀਂ ਲਾਕਡਾਊਨ ਦਾ ਪਾਲਨ ਕਰਕੇ ਕੋਰੋਨਾਂ ਉੱਤੇ ਤਾਂ ਜਿੱਤ ਦਰਜ ਕਰ ਲਵਾਂਗੇ ਪਰੰਤੂ ਉਸ ਤੋਂ ਬਾਅਦ ਵੱਡੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪਵੇਗਾ। ਜਿਸ ਲਈ ਸਾਨੂੰ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੈ। ਜਿਸ ਤਰ੍ਹਾਂ 1930 ਦੌਰਾਨ ਪੂਰਾ ਵਿਸ਼ਵ ਵੱਡੀ ਆਰਥਿਕ ਮੰਦੀ ਵਿਚੋਂ ਲੰਘਿਆ ਸੀ, ਕੋਰੋਨਾਂ ਤੋਂ ਬਾਅਦ ਉਸ 1930 ਨਾਲੋਂ ਵੀ ਵੱਡੀ ਮੰਦਹਾਲੀ ਤੋਂ ਸਾਨੂੰ ਗੁਜ਼ਰਨਾ ਪੈ ਸਕਦਾ ਹੈ। ਕੋਰੋਨਾਂ ਦੇ ਚੱਲ ਰਹੇ ਇਸ ਕਹਿਰ ਦੌਰਾਨ ਘਰਾਂ ਵਿਚ ਬੰਦ ਹੋਏ ਲੋਕ ਤਿੰਨ ਤਰ੍ਹਾਂ ਦੇ ਵਰਗਾਂ ਵਿਚ ਵੰਡੇ ਜਾ ਚੁੱਕੇ ਹਨ। ਪਹਿਲਾ ਵਰਗ-ਡਰੇ ਹੋਏ ਲੋਕ, ਜੋ ਘਰਾਂ ਵਿਚ ਬੈਠੇ ਆਪ ਵੀ ਡਰੇ ਹੋਏ ਹਨ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਡਰਾ ਰਹੇ ਹਨ, ਇਹ ਉਹ ਲੋਕ ਹਨ ਜੋ ਸੋਸ਼ਲ ਮੀਡੀਆ ਦੀਆਂ ਝੂਠੀਆਂ ਖ਼ਬਰਾਂ ਉੱਤੇ ਆਪਣੀ ਪੈਨੀ ਨਜ਼ਰ ਰੱਖਦੇ ਹਨ, ਜਿਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਅਸੀਂ ਨਹੀਂ ਬਚਾਂਗੇ। ਦੂਜਾ-ਉਲਝੇ ਹੋਏ ਲੋਕ, ਜਿਹੜੇ ਆਪਣੇ ਛੋਟੇ-ਮੋਟੇ ਕੰਮਾਂ ਲਈ ਘਰਾਂ ਤੋਂ ਬਾਹਰ ਵੀ ਜਾ ਰਹੇ ਹਨ ਤੇ ਲੋਕਾਂ ਦੀਆਂ ਸਲਾਹਾਂ ਲੈ ਵੀ ਰਹੇ ਹਨ ਤੇ ਉਨ੍ਹਾਂ ਨੂੰ ਦੇ ਵੀ ਰਹੇ ਹਨ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕੀ ਸਾਨੂੰ ਕਰਨਾ ਕੀ ਚਾਹੀਦਾ ਹੈ।
ਇਹ ਲੋਕ ਛੋਟੇ ਕੰਮਾਂ ਲਈ ਵੀ ਆਪਣੀ ਜਾਨ ਨੂੰ ਜੋਖਿਮ ਵਿਚ ਪਾ ਰਹੇ ਹਨ ਤੇ ਤੀਜਾ ਵਰਗ-ਆਪਣੇ ਆਪ ਨੂੰ ਭਵਿੱਖ ਵਿਚ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਕਰਦੇ ਲੋਕ। ਇਹ ਵਰਗ ਉਨ੍ਹਾਂ ਲੋਕਾਂ ਦਾ ਹੈ ਜੋ ਸਕ੍ਰਾਤਮਕ ਉਰਜ਼ਾ ਰੱਖਣ ਵਾਲੇ ਲੋਕ ਹਨ। ਜਿਹੜੇ ਬਿਨਾਂ ਡਰ ਤੋਂ ਜਿਥੇ ਲਾਕਡਾਊਨ ਦਾ ਪੂਰਾ ਪਾਲਨ ਕਰ ਵੀ ਰਹੇ ਹਨ ਤੇ ਲੋਕਾਂ ਨੂੰ ਵੀ ਕਰਨ ਲਈ ਪ੍ਰੇਰਨਾ ਦੇ ਰਹੇ ਹਨ। ਇਸ ਵਰਗ ਨੇ ਸਿੱਖਿਆ ਹੈ ਕਿ ਅਸੀਂ ਕਿਵੇਂ ਘਰ ਬੈਠੇ ਹੀ ਛੋਟੇ-ਵੱਡੇ ਕੰਮਾਂ ਨੂੰ ਪੂਰਾ ਕਰੀਏ। ਇਹ ਲੋਕ ਪਹਿਲਾ ਦੀ ਤਰ੍ਹਾਂ ਹੀ ਰੋਜ਼ਾਨਾ ਤਿਆਰ ਵੀ ਹੋ ਰਹੇ ਹਨ, ਪੂਜਾ-ਪਾਠ ਵੀ ਕਰਦੇ ਹਨ, ਘਰ ਵਿਚ ਹੀ ਕਸਰਤ ਵੀ ਕਰਦੇ ਹਨ ਤੇ ਆਪਣੇ ਪਰਿਵਾਰ ਦਾ ਖਿਆਲ ਵੀ ਰੱਖ ਰਹੇ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਆਉਣ ਵਾਲਾ ਸਮਾਂ ਸਾਡੇ ਸਾਰਿਆਂ ਲਈ ਹਰ ਪੱਖੋਂ ਵੱਡੀਆਂ ਮੁਸੀਬਤਾਂ ਲੈ ਕੇ ਆਵੇਗਾ ਪਰੰਤੂ ਉਸ ਸਮੇਂ ਵਿਚ ਉਹ ਲੋਕ ਹੀ ਅੱਗੇ ਵੱਧਣਗੇ ਜਿਹੜੇ ਇਸ ਮਾੜੇ ਸਮੇਂ ਦੌਰਾਨ ਵੀ ਆਪਣੇ ਆਪ ਨੂੰ ਸਮੇਂ ਦੇ ਹਿਸਾਬ ਨਾਲ ਢਾਲ ਕੇ ਅੱਗੇ ਵਧਣ ਦਾ ਜਜ਼ਬਾ ਰੱਖਦੇ ਹਨ।
ਲੇਖਕ-ਅਰੁਣ ਆਹੂਜਾ,
ਫ਼ਤਹਿਗੜ• ਸਾਹਿਬ। ਮੋਬਾ-80543-07793