ਇੰਦਰਜੀਤ ਸਿੰਘ
ਫਾਜ਼ਿਲਕਾ, 18 ਅਪ੍ਰੈਲ 2020 - ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਹਜਾਰਾਂ ਲੋਕ ਇਸਦਾ ਸ਼ਿਕਾਰ ਹੋ ਰਹੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਕਈ ਲੋਕ ਇਸ ਦੀ ਦਵਾਈ ਬਣਾਉਣ ਦੀ ਝੂਠੀ ਅਫਵਾਹ ਫੈਲਾਅ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਜੋੜੇ ਵਲੋਂ ਆਪਣੇ ਫੇਸਬੁਕ ਪੇਜ ਉੱਤੇ ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ ਜਿਸਦੀ ਸੂਚਨਾ ਮਿਲਣ ਤੇ ਅਬੋਹਰ ਥਾਨਾ ਸਿਟੀ ਟੂ ਪੁਲਿਸ ਨੇ ਇਸ ਪਤੀ-ਪਤਨੀ ਉੱਤੇ ਝੂਠੀ ਅਫਵਾਹ ਫੈਲਾਉਣ ਦਾ ਕੇਸ ਦਰਜ ਕੀਤਾ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਅਬੋਹਰ ਥਾਣਾ ਸਿਟੀ ਟੂ ਪੁਲਿਸ ਦੇ ਐਸ ਐਚ ਓ ਬਲਦੇਵ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਅਬੋਹਰ ਦੇ ਦੰਪਤੀ ਕੰਚਨ ਕੁਕਰੇਜਾ ਅਤੇ ਪ੍ਰਦੀਪ ਕੁਕਰੇਜਾ ਨਾਮਕ ਜੋੜੇ ਨੇ ਆਪਣੇ ਫੇਸਬੁਕ ਪੇਜ ਉੱਤੇ ਕੋਰੋਨਾ ਵਾਇਰਸ ਸਬੰਧੀ ਦਵਾਈ ਬਣਾਉਣ ਦਾ ਦਾਅਵਾ ਕਰ ਰਹੇ ਹਨ ਜਿਸ ਸਬੰਧੀ ਅਸੀਂ ਇਨ੍ਹਾਂ ਦੋਵਾਂ ਉੱਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾ ਦੱਸਿਆ ਕਿ ਉਹ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਣ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਕੋਈ ਵੀ ਝੂਠੀ ਅਫਵਾਹ ਨਾ ਫੈਲਾਈ ਜਾਏ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ।