ਜੀ ਐਸ ਪੰਨੂ
ਪਟਿਆਲਾ, 18 ਅਪਰੈਲ 2020 - ਪਟਿਆਲਾ ਵਿਚ 9 ਅਤੇ ਰਾਜਪੁਰਾ ਵਿੱਚ 6 ਨਵੇਂ ਕੋਵਿਡ ਪਾਜ਼ੀਟਿਵ ਕੇਸ ਸਾਹਮਣੇ ਆਇਆ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਰਾਜਪੁਰਾ ਦੀ ਅਨਾਜ ਮੰਡੀ ਵਿਚ ਰਹਿਣ ਵਾਲੀ 60 ਸਾਲਾ ਔਰਤ ਜਿਸ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਬੀਤੇ ਦਿਨੀਂ ਆਈ ਸੀ, ਦੀ ਪਾਜ਼ੀਟਿਵ ਰਿਪੋਰਟ ਆਉਣ ਤੋਂ ਤੁਰੰਤ ਬਾਦ ਉਹਨਾਂ ਵੱਲੋ ਸਿਹਤ ਟੀਮਾਂ ਭੇਜ ਕੇ ਔਰਤ ਦੇ ਪਰਿਵਾਰਕ ਮੈਂਬਰਾਂ ਅਤੇ ਨੇੜੇ ਦੇ ਸੰਪਰਕ ਵਿਚ ਆਏ 16 ਮੈਂਬਰਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ ਅਤੇ ਇਹਨਾਂ ਨੂੰ ਘਰ ਵਿਚ ਹੀ ਇਕਾਂਤਵਾਸ ਕਰ ਦਿਤਾ ਗਿਆ ਸੀ ਲੈਬ ਵਿਚੋ ਪ੍ਰਾਪਤ ਰਿਪੋਰਟ ਅਨੁਸਾਰ ਇਹਨਾਂ ਵਿੱਚੋ 6 ਕੇਸਾਂ ਦੀ ਰਿਪੋਰਟ ਕੋਵਿਡ ਪਾਜ਼ੀਟਿਵ ਪਾਈ ਗਈ ਹੈ।
ਅਨਾਜ ਮੰਡੀ ਅਤੇ ਨਾਲ ਲਗਦੇ ਇਲਾਕੇ ਨੂੰ ਸੀਲ ਕਰਕੇ ਪੁਲਿਸ ਤੈਨਾਤ ਕਰ ਦਿੱਤੀ ਗਈ ਸੀ। ਉਹਨਾਂ ਦੱਸਿਆਂ ਕਿ ਬੀਤੇ ਦਿਨੀ ਬੁੱਕ ਮਾਰਕਿਟ ਏਰੀਏ ਦੇ ਕੋਵਿਡ ਪਾਜ਼ੀਟਿਵ ਆਏ ਵਿਅਕਤੀ ਦੇ 15 ਹੋਰ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਕੇ ਉਹਨਾਂ ਦੇ ਕੋਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋ 9 ਕੇਸਾ ਦੀ ਰਿਪੋਰਟ ਕੋਵਿਡ ਪਾਜ਼ੀਟਿਵ ਪਾਈ ਗਈ ਹੈ। ਉਹਨਾਂ ਕਿਹਾ ਕਿ ਪਾਜ਼ੀਟਿਵ ਆਏ ਕੇਸਾ ਦੇ ਨੇੜੇ ਅਤੇ ਦੂਰ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਵੀ ਕੋਰੋਨਾ ਜਾਂਚ ਲਈ ਸੈਂਪਲ ਲਏ ਜਾ ਰਹੇ ਹਨ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਬੀਤੇ ਦਿੱਨੀ ਬੁੱਕ ਮਾਰਕਿਟ ਦੇ ਪਾਜ਼ੀਟਿਵ ਕੇਸ ਵੱਲੋ ਪਿਛਲੇ ਦਿਨਾਂ ਵਿਚ ਵੱਖ ਵੱਖ ਲੋਕਾਂ ਨੂੰ ਵੰਡੀਆਂ ਪੁਸਤਕਾ ਦੀ ਗੱਲ ਸਾਹਮਣੇ ਆਉਣ ਤੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਪੁਸਤਕਾਂ ਲੈਣ ਵਾਲਿਆ ਨੂੰ ਆਪਣੀ ਜਾਣਕਾਰੀ ਜਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 0175 -2350550 ਤੇਂ ਦੇਣ ਲਈ ਕਿਹਾ ਗਿਆ ਸੀ ਤਾਂ ਜੋ ਸਿਹਤ ਵਿਭਾਗ ਵੱਲੋ ਅਜਿਹੇ ਲੋਕਾਂ ਦੀ ਸਿਹਤ ਜਾਂਚ ਕੀਤੀ ਜਾ ਸਕੇ। ਜਿਸ ਸਬੰਧ ਚ ਜਿਲਾ ਪ੍ਰਸਾਸ਼ਨ ਵੱਲੋ ਕਾਲ ਸੈਂਟਰ ਤੇਂ 68 ਲੋਕਾਂ ਵੱਲੋ ਆਪਣੀ ਜਾਣਕਾਰੀ ਮੁੁਹੱਈਆਂ ਕਰਵਾਉਣ ਦੀ ਇਸ ਦਫ਼ਤਰ ਨੂੰ ਪ੍ਰਾਪਤ ਹੋਈ ਸੀ ।
ਜਿਹਨਾਂ ਵਿਚੋ 28 ਪਰਿਵਾਰਾਂ ਨਾਲ ਸਿਹਤ ਵਿਭਾਗ ਦੀਆਂ ਟੀਮਾ ਵੱਲੋ ਸੰਪਰਕ ਕਰਕੇ ਉਨਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਬਾਕੀ ਰਹਿੰਦਿਆਂ ਦੀ ਸਿਹਤ ਜਾਂਚ ਜਾਰੀ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇ ਪੁਸਤਕਾਂ ਲੈਣ ਵਾਲਿਆ ਨੂੰ ਅਪੀਲ ਕੀਤੀ ਕਿ ਉਹ ਜਾਣਕਾਰੀ ਨਾ ਛੁਪਾਉਣ ਬਲਕਿ ਆਪਣੀ ਅਤੇ ਲੋਕਾਂ ਦੀ ਸਿਹਤ ਨੂੰ ਮੁੱਖ ਰਖਦੇ ਹੋਏ ਆਪਣੀ ਸੁਚਨਾ ਜ਼ਿਲ੍ਹਾ ਕੰਟਰੋਲ ਰੂਮ ਨੰਬਰ 0175-2350550 ਤੇਂ ਜਰੂਰ ਦੇਣ ਤਾਂ ਜੋ ਉਨਾਂ ਪਰਿਵਾਰਾ ਦੀ ਸਿਹਤ ਜਾਂਚ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਅੱਜ ਤੀਜੇ ਦਿਨ ਵੀ ਸਿਹਤ ਵਿਭਾਗ ਵੱਲੋ ਲੋਕਾਂ ਦੀ ਸਕਰੀਨਿੰਗ ਲਈ ਬਣਾਈਆਂ 237 ਸਿਹਤ ਟੀਮਾਂ ਵੱਲੋਂ ਸ਼ਹਿਰ ਦੇ ਵੱਖ ਵੱਖ ਏਰੀਏ ਦੇ ਵਿਚ ਜਾ ਕੇ 23875 ਘਰਾਂ ਦਾ ਸਰਵੇ ਕਰਕੇ 96596 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਜਿਲ੍ਹੇ ਵਿੱਚ ਹੁਣ ਤੱਕ ਦੇ ਕਰੋਨਾ ਮਰੀਜਾਂ ਦੀ ਅੱਪਡੇਟ ਬਾਰੇ ਜਾਣਕਾਰੀ ਦਿੰਦੇ ਉਨਾਂ ਕਿਹਾ ਕਿ ਹੁਣ ਤੱਕ ਕਰੋਨਾ ਜਾਂਚ ਲਈ ਲਏ 198 ਸੈਂਪਲਾਂ ਵਿੱਚੋਂ 26 ਕਰੋਨਾ ਪਾਜ਼ੀਟਿਵ 167 ਨੈਗਟਿਵ ਅਤੇ 5 ਸੈਂਪਲਾ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਇਹ ਵੀ ਦੱਸਿਆਂ ਕਿ ਪਾਜ਼ੀਟਿਵ ਕੇਸਾ ਵਿਚੋ ਇੱਕ ਕੇਸ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਕਰਕੇ ਘਰ ਭੇਜ ਦਿੱਤਾ ਗਿਆ ਹੈ।