ਜੀ ਐਸ ਪੰਨੂ
- ਕੋਰੋਨਾ ਵਾਇਰਸ ਦੇ ਤੁਰੰਤ ਕੇਸ ਲੱਭ ਲੈਣੇ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਦਾ ਵਸੀਲਾ
ਪਟਿਆਲਾ, 18 ਅਪ੍ਰੈਲ 2020 - ਪਟਿਆਲਾ 'ਚ ਮਿਲੇ15 ਨਵੇਂ ਕੋਰੋਨਾਵਾਇਰਸ ਦੇ ਪਾਜ਼ਿਟਿਵ ਕੇਸਾਂ ਤੋਂ ਘਬਰਾਹਟ ਵਿੱਚ ਨਾ ਆਉਣ ਦੀ ਲੋੜ ਨਹੀਂ ਇਹ ਕੇਸ਼ ਪਾਜ਼ਿਟਿਵ ਕੇਸਾਂ ਦੇ ਨੇੜਲੇ ਸੰਪਰਕਾਂ ਵਿੱਚੋਂ ਹੀ ਲੱਭੇ ਗਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੇਰਲਾ ਵਿਖੇ ਅਪਣਾਈ ਗਈ 'ਕੰਟੈਕਟ ਟ੍ਰੇਸਿੰਗ' ਵਿਧੀ ਨੂੰ ਅਪਣਾਉਂਦਿਆਂ ਇਹਨਾਂ ਦਾ ਪਤਾ ਲਗਾਇਆ ਹੈ। ਜ਼ਿਲ੍ਹਾ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਇਨ੍ਹਾਂ ਸਾਰੇ ਮਾਮਲਿਆਂ ਦੀ ਤਹਿ ਤੱਕ ਜਾਵੇਗਾ ਅਤੇ ਜਦੋਂ ਤੱਕ ਕੁਲ ਨੈਗੇਟਿਵ ਦਿਵਾਰ ਨਹੀਂ ਲੱਭ ਜਾਂਦੀ ਉਸ ਸਮੇਂ ਤੱਕ ਚੈਨ ਨਾਲ ਨਹੀਂ ਬੈਠਿਆ ਜਾਵੇਗਾ ਤੇ ਜਿਸ ਪ੍ਰਕਾਰ ਸਿਊਂਕ ਲੱਗੀ ਲੱਕੜ ਨੂੰ ਸਾਫ਼ ਲੱਕੜ ਤੱਕ ਖੋਦਿਆ ਜਾਂਦਾ ਹੈ, ਉਸੇ ਤਰ੍ਹਾਂ ਸਾਰੇ ਪਾਜਿਟਿਵ ਮਾਮਲਿਆਂ ਦੇ ਕਰੀਬੀਆਂ ਦੇ ਟੈਸਟ ਜਾਰੀ ਰਹਿਣਗੇ ਅਤੇ ਜਿਹੜੇ ਪਾਜ਼ਿਟਿਵ ਆਏ, ਉਸ ਤੋਂ ਅੱਗਲੇ ਸੰਪਰਕਾਂ ਤੱਕ ਜਾ ਕੇ ਇਸ ਕੋਰੋਨਾਵਾਇਰਸ ਦੀ ਲੜੀ ਨੂੰ ਖ਼ਤਮ ਕੀਤਾ ਜਾਵੇਗਾ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੀਆਂ ਟੀਮਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ 24 ਘੰਟੇ ਪਾਜ਼ਿਟਿਵ ਕੇਸਾਂ ਦੇ ਅਗਲੇ ਸੰਪਰਕ ਲੱਭ ਰਹੀਆਂ ਹਨ ਅਤੇ ਰਜਿੰਦਰਾ ਹਸਪਤਾਲ ਵਿਖੇ ਮੈਡੀਕਲ ਟੀਮਾਂ ਪਾਜਿਟਿਵ ਕੇਸਾਂ ਦਾ ਇਲਾਜ ਕਰਨ ਲਈ ਤਨਦੇਹੀ ਨਾਲ ਜੁਟੀਆਂ ਹਨ। ਜਦੋਂਕਿ ਲੋਕਾਂ ਦਾ ਸਹਿਯੋਗ ਇਸ ਮਹਾਂਮਾਰੀ ਨੂੰ ਅੱਗੇ ਵਧਣ ਲਈ ਬੇਹੱਦ ਲੋੜੀਂਦਾ ਹੈ ਅਤੇ ਹਰੇਕ ਪਰਿਵਾਰ ਆਪਣੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੇਵੇ ਤਾਂ ਕਿ ਉਹ ਆਪਣੇ ਖ਼ੁਦ ਸਮੇਤ ਆਪਣੇ ਪਰਿਵਾਰਕ ਜੀਆਂ ਅਤੇ ਸਮਾਜ ਲਈ ਵਾਇਰਸ ਦਾ ਖ਼ਤਰਾ ਨਾ ਬਣ ਜਾਵੇ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਟਿਆਲਾ ਵਲੋਂ ਦੇਰ ਰਾਤੀ ਸਾਂਝੀ ਕੀਤੀ ਗਈ।
ਇਸੇ ਦੌਰਾਨ ਸਹਾਇਕ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਕਿਹਾ ਕਿ ਮੈਡੀਕਲ ਸਾਇੰਸ ਵਿੱਚ ਪਾਜ਼ਿਟਿਵ ਕੇਸਾਂ ਦੇ ਨੇੜਲੇ ਸੰਪਰਕਾਂ ਦਾ ਤੁਰੰਤ ਪਤਾ ਲੱਗ ਜਾਣਾ ਚੰਗਾ ਸੰਕੇਤ ਮੰਨਿਆਂ ਜਾਂਦਾ ਹੈ ਕਿਉਂਕਿ ਇਨ੍ਹਾਂ ਨੇੜਲੇ ਸੰਪਰਕਾਂ ਤੋਂ ਹੀ ਕੋਵਿਡ-19 ਦੀ ਲੜੀ ਅੱਗੇ ਵਧਣ ਦਾ ਖ਼ਤਰਾ ਹੁੰਦਾ ਹੈ। ਡਾ. ਕਾਂਸਲ ਨੇ ਕਿਹਾ ਕਿ ਪਟਿਆਲਾ ਜ਼ਿਲ੍ਹਾ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਇਸ ਲੜੀ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਦਿਨ ਰਾਤ ਇੱਕ ਕਰ ਰਿਹਾ ਹੈ ਪਰੰਤੂ ਇਸ ਵਿੱਚ ਲੋਕਾਂ ਦਾ ਸਹਿਯੋਗ ਵੀ ਬੇਹੱਦ ਜਰੂਰੀ ਹੈ।