ਹਰਿੰਦਰ ਨਿੱਕਾ
- ਪਰਿਵਾਰ ਰਾਧਾ ਨੂੰ ਲੈ ਕੇ ਪਟਿਆਲਾ ਤੋਂ ਬਰਨਾਲਾ ਨੂੰ ਹੋਇਆ ਰਵਾਨਾ
ਬਰਨਾਲਾ, 18 ਅਪ੍ਰੈਲ 2020 - ਜਿਲ੍ਹੇ ਦੀ ਪਹਿਲੀ ਕੋਰੋਨਾ ਪਾਜ਼ੀਟਿਵ ਰਹੀ ਮਰੀਜ਼ ਰਾਧਾ 12 ਦਿਨ ਦੀ ਲੰਬੀ ਲੜਾਈ ਤੋਂ ਬਾਅਦ ਆਖਿਰ ਕੋਰੋਨਾ ਨੂੰ ਹਰਾਉਣ 'ਚ ਸਫਲ ਹੋ ਗਈ। ਥੋੜੀ ਦੇਰ ਪਹਿਲਾਂ ਹੀ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਰਾਧਾ ਨੂੰ ਹਸਪਤਾਲ ਚੋਂ ਛੁੱਟੀ ਕਰ ਦਿੱਤੀ ਹੈ। ਰਾਧਾ ਦਾ ਪਰਿਵਾਰ ਉਸ ਨੂੰ ਲੈ ਕੇ ਪਟਿਆਲਾ ਤੋਂ ਬਰਨਾਲਾ ਲਈ ਰਵਾਨਾ ਹੋ ਗਿਆ ਹੈ। ਦੇਰ ਰਾਤ ਤੱਕ ਉਸ ਦੇ ਆਪਣੇ ਘਰ ਪਹੁੰਚਣ ਦੀ ਸੰਭਾਵਨਾ ਹੈ।
ਸਿਵਲ ਹਸਪਤਾਲ ਦੇ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦੱਸਿਆ ਕਿ ਕੁਝ ਦੇਰ ਪਹਿਲਾਂ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਇਸ ਸਬੰਧੀ ਹਸਪਤਾਲ ਨੂੰ ਸੂਚਨਾ ਦਿੱਤੀ ਹੈ। ਰਾਧਾ ਦੇ ਪਤੀ ਮੁਕਤੀ ਨਾਥ ਅਤੇ ਉਸ ਦੀ ਬੇਟੀ ਸੁਮਨ ਖਨਾਲ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ 6 ਅਪ੍ਰੈਲ ਤੋਂ ਬਾਅਦ ਅੱਜ ਸਾਡਾ ਪੂਰਾ ਪਰਿਵਾਰ ਇਕੱਠਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਅਤੇ ਡਾਕਟਰਾਂ ਦਾ ਸ਼ੁਕਰੀਆਂ ਅਦਾ ਕਰਦੇ ਹਨ ਜਿਨ੍ਹਾਂ ਦੁਨਿਆਂ ਚ, ਲਾ ਇਲਾਜ਼ ਸਮਝੀ ਜਾ ਰਹੀ ਕੋਰੋਨਾ ਮਹਾਂਮਾਰੀ ਤੋਂ ਉਸਦੀ ਮੰਮਾ ਨੂੰ ਬਚਾ ਲਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਉਸਦੇ ਪਰਿਵਾਰ ਲਈ ਖੁਸ਼ੀਆਂ ਲੈ ਕੇ ਆਇਆ ਹੈ। ਉਹ ਕਾਮਨਾ ਕਰਦੀ ਹੈ ਕਿ ਵਿਸ਼ਵ ਪੱਧਰ ਤੇ ਪੈਰ ਪਸਾਰ ਚੁੱਕੀ ਇਸ ਮਹਾਂਮਾਰੀ ਤੋਂ ਹੋਰਸਾਰੇ ਲੋਕਾਂ ਨੂੰ ਵੀ ਰਾਹਤ ਮਿਲੇ।
- ਕਦੋਂ ਕੀ ਹੋਇਆ ਵਰਨਣਯੋਗ ਹੈ ਕਿ ਰਾਧਾ ਨੂੰ 1 ਅਪ੍ਰੈਲਨੂੰ ਕੋਰੋਨਾ ਦੀ ਸ਼ੱਕੀ ਮਰੀਜ ਦੇ ਤੌਰ ਤੇ ਬਰਨਾਲਾ ਹਸਪਤਾਲ ਚ, ਭਰਤੀ ਕੀਤਾ ਗਿਆ ਸੀ। 6 ਅਪ੍ਰੈਲ ਨੂੰ ਰਾਧਾ ਦੀ ਰਿਪੋਰਟ ਪਾਜ਼ੀਟਿਵ ਆ ਗਈ। ਜਿਸ ਤੋਂ ਤੁਰੰਤ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ। 14 ਅਪ੍ਰੈਲ ਨੂੰ ਰਾਧਾ ਦੀ ਰਿਪੋਰਟ ਨੈਗੇਟਿਵ ਆ ਗਈ ਸੀ ਅਤੇ ਪੂਰੇ ਇਲਾਕੇ ਤੇ ਰਾਧਾ ਦੇ ਪਰਿਵਾਰ ਚ,ਖੁਸ਼ੀ ਦਾ ਮਾਹੌਲ ਬਣ ਗਿਆ ਸੀ। ਪਰੰਤੂ ਚੌਥੀ ਰਿਪੋਰਟ ਫਿਰ ਸ਼ੱਕੀ ਆਈ। ਜਦੋਂ ਕਿ ਅੱਜ ਫਿਰ ਪੰਜਵੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਫਿਲਹਾਲ ਪੂਰਾ ਜਿਲ੍ਹਾ ਇੱਕ ਵਾਰ ਫਿਰ ਕੋਰੋਨਾ ਮੁਕਤ ਹੋ ਗਿਆ ਹੈ।