ਫਿਰੋਜ਼ਪੁਰ, 19 ਅਪ੍ਰੈਲ 2020 : ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਵਾੜਾ ਭਾਈ ਕਾ ਦੇ ਬੀਤੇ ਦਿਨ ਪਾਜ਼ੀਟਿਵ ਆਏ ਮਰੀਜ਼ ਕਾਰਨ ਇਸ ਇਲਾਕੇ ਵਿਚ ਪਹਿਲਾ ਹੀ ਸਹਿਮ ਵਾਲਾ ਮਾਹੌਲ ਸੀ। ਬੀਤੀ ਸ਼ਾਮ ਸ਼ਹਿਰ ਦੀ ਨਵੀਂ ਆਬਾਦੀ ਵਿਚ ਜੈਪੁਰ ਤੋਂ ਤਲਵੰਡੀ ਭਾਈ ਆਈ ਲੜਕੀ ਨੂੰ ਸ਼ੱਕੀ ਤੌਰ 'ਤੇ ਪ੍ਰਸ਼ਾਸਨ ਵੱਲੋਂ ਫਿਰੋਜ਼ਪੁਰ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਲੜਕੀ ਇਕ ਫੈਕਟਰੀ ਵਿਚ ਬਤੌਰ ਮੈਨੇਜਰ ਕੰਮ ਕਰ ਰਹੀ ਹੈ ਅਤੇ 20 ਮਾਰਚ ਨੂੰ ਜੈਪੁਰ ਤੋਂ ਇਥੇ ਪੁੱਜੀ ਸੀ। ਜਿਸ ਨੂੰ ਪਿਛਲੇ ਇਕ ਹਫਤੇ ਤੋਂ ਖੰਘ, ਜੁਕਾਮ ਅਤੇ ਬੁਖਾਰ ਦੀ ਸ਼ਿਕਾਇਤ ਸੀ, ਉਕਤ ਲੜਕੀ ਨੇ ਸਿਵਲ ਸਰਜਨ ਦਫਤਰ ਫਿਰੋਜ਼ਪੁਰ ਫੋਨ ਕਰਕੇ ਆਪਣੀ ਸ਼ਿਕਾਇਤ ਸਬੰਧੀ ਜਾਣੂ ਕਰਵਾਇਆ।
ਜਿਸ 'ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਉਸ ਨੂੰ ਪਹਿਲਾ ਸਿਵਲ ਹਸਪਤਾਲ ਫਿਰੋਜ਼ਸਾਹ ਲਿਜਾਇਆ ਗਿਆ, ਜਿਥੋਂ ਅੱਗੇ ਫਿਰੋਜ਼ਪੁਰ ਲਈ ਰੈਫਰ ਕਰ ਦਿੱਤਾ ਗਿਆ। ਉਸ ਘਰ ਅੱਗੇ ਵੀ ਪ੍ਰਸ਼ਾਸਨ ਵੱਲੋਂ ਘਰ ਵਿਚ ਏਕਾਂਤਵਾਸ ਦਾ ਬੋਰਡ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਫਿਰੋਜ਼ਸ਼ਾਹ ਦੀ ਐੱਸਐੱਮਓ ਡਾ. ਵਨੀਤਾ ਭੁੱਲਰ ਨੇ ਦੱਸਿਆ ਕਿ ਉਕਤ ਲੜਕੀ ਦੀ ਸੈਪਲਿੰਗ ਹੋ ਗਈ ਹੈ, ਜਿਸ ਦੀ ਰਿਪੋਰਟ 3-4 ਦਿਨਾਂ ਤੱਕ ਆ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਪਿੰਡ ਵਾੜਾ ਭਾਈ ਕਾ ਦਾ ਪੋਜੇਟਿਵ ਪਾਏ ਗਏ ਪੁਲਿਸ ਮੁਲਾਜ਼ਮ ਮਰੀਜ਼ ਦੇ ਸੰਪਰਕ ਵਿਚ ਰਹਿਣ ਵਾਲੇ ਲੋਕਾਂ ਦੀ ਸੈਪਲਿੰਗ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਮਕਾਨ ਮਾਲਕ ਤੋਂ ਇਕੱਤਰ ਕੀਤੀ ਜਾਣਕਾਰੀ ਜਿਸ ਮਕਾਨ ਵਿਚ ਇਹ ਲੜਕੀ ਕਿਰਾਏ 'ਤੇ ਰਹਿ ਰਹੀ ਸੀ, ਉਸ ਮਕਾਨ ਦੇ ਮਾਲਕ ਤੋਂ ਸਿਹਤ ਵਿਭਾਗ ਨੇ ਕਰਮਚਾਰੀਆਂ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਇਕੱਠੀ ਕੀਤੀ ਗਈ।