ਹਰਜਿੰਦਰ ਸਿੰਘ ਬਸਿਆਲਾ
- ਭਲਾ 5500 ਡਾਲਰ ਇੰਡੀਆ ਤੋਂ ਨਿਊਜ਼ੀਲੈਂਡ ਫਲਾਈਟ ਕੋਈ ਮਹਿੰਗੀ ਆ? ਐਨੇ ਸਾਧਨ ਜੁਟਾਉਣੈ ਪੈ ਰਹੇ ਆ-ਵਿਨਸਨ ਪੀਟਰਜ਼
ਔਕਲੈਂਡ, 22 ਅਪ੍ਰੈਲ 2020 - ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਵਿਨਸਨ ਪੀਟਰਜ਼ ਦੀ ਫੁੱਲ ਚੜ੍ਹਾਈ ਆ ਲਗਦੈ ਇੰਡੀਆ ਵਿਖੇ ਕੋਰੋਨਾ ਵਾਇਰਸ ਦੇ ਚਲਦਿਆਂ ਫਸੇ ਲੋਕਾਂ ਉਤੇ ਬਹੁਤ ਮਹਿੰਗਾ ਅਹਿਸਾਨ ਕਰ ਰਹੇ ਹਨ। ਬੀਤੇ ਕੱਲ੍ਹ ਉਨ੍ਹਾਂ ਨੇ ਰੇਡੀਓ ਤਰਾਨਾ ਨੂੰ ਦਿੱਤੀ ਇਕ ਇੰਟਰਵਿਊ ਦੇ ਵਿਚ ਕਿਹਾ ਹੈ ਕਿ ''5500 ਡਾਲਰ ਦੀ ਚਾਰਟਰ ਜਹਾਜ਼ ਦੀ ਫਲਾਈਟ ਕੋਈ ਮਹਿੰਗੀ ਥੋੜਾ ਆ।'' ਇਸ ਗੱਲ ਦਾ ਹਿਸਾਬ ਸ਼ਾਇਦ ਉਨ੍ਹਾਂ ਨੇ ਆਪਣੀ ਸਲਾਨਾ ਤਨਖਾਹ (ਕਰੋਨਾ ਕੱਟ ਤੋਂ ਬਾਅਦ) 3,20,261 ਡਾਲਰ ਤੋਂ ਲਾਇਆ ਲਗਦਾ।
52 ਹਫਤਿਆਂ ਦੇ ਹਿਸਾਬ ਨਾਲ ਉਹ ਪ੍ਰਤੀ ਹਫਤਾ 6,158 ਡਾਲਰ ਕਮਾਉਂਦੇ ਨਜ਼ਰ ਆਉਂਦੇ ਹਨ। ਬਾਕੀ ਭੱਤੇ ਤੇ ਸਹੂਲਤਾਂ ਵੱਖਰੀਆਂ। ਇਸ ਸਬੰਧੀ ਜਦੋਂ ਮੈਂਬਰ ਪਾਰਲੀਮੈਂਟ ਸ.ਕੰਵਲਜੀਤ ਸਿੰਘ ਬਖਸ਼ੀ ਨੇ ਥੋੜ੍ਹੀ ਚੂੰ-ਚੜਿੱਕ ਕੀਤੀ ਤਾਂ ਉਨ੍ਹਾਂ ਬੇਬਾਕ ਹੁੰਦਿਆ ਕਹਿ ਦਿੱਤਾ ਕਿ 'ਮਿਸਟਰ ਬਖਸ਼ੀ ਇਸ ਰੌਂਗ'। ਸੋ ਹੁਣ ਮਿਸਟਰ ਬਖਸ਼ੀ ਆਪਣੇ ਆਪ ਨੂੰ ਸਹੀ ਕਿਵੇਂ ਸਿੱਧ ਕਰਦੇ ਹਨ ਅਤੇ ਪਾਰਲੀਮੈਂਟ ਦੀਆਂ ਹਰੇ ਰੰਗ ਵਾਲੀਆਂ ਕੁਰਸੀਆਂ ਉਤੇ ਬੈਠ ਕੇ, ਮੇਜ਼ ਥਪ-ਥਪਾ ਕੇ ਕਿਵੇਂ ਆਪਣੇ ਹੱਥ ਲਾਲ ਕਰਦੇ ਹਨ ਆਉਣ ਵਾਲਾ ਸਮਾਂ ਦੱਸੇਗਾ।
ਅੰਦਾਜੇ ਮੁਤਾਬਿਕ ਪਹਿਲਾਂ 800 ਦੇ ਕਰੀਬ ਲੋਕ ਭਾਰਤ ਵਿਚ ਫਸੇ ਹੋਏ ਸਨ ਪਰ ਹੁਣ ਇਹ ਗਿਣਤੀ 1900 ਦੇ ਕਰੀਬ ਹੋ ਗਈ ਹੈ। ਪੰਜਾਬੀ ਕਮਿਊਨਿਟੀ ਤੋਂ ਸ. ਸੰਨੀ ਸਿੰਘ ਵਰਲਡ ਟ੍ਰੈਵਲ, ਸ. ਰਘਬੀਰ ਸਿੰਘ ਜੇ.ਪੀ., ਸ. ਪਰਮਿੰਦਰ ਸਿੰਘ ਜੇ.ਪੀ. ਪਾਪਾਟੋਏਟੋਏ, ਸ. ਖੜਗ ਸਿੰਘ ਅਤੇ ਇਹ ਪੱਤਰਕਾਰ (ਹ.ਸ. ਬਸਾਲਾ) ਆਪਣੇ ਤੌਰ 'ਤੇ ਵੀ ਕੋਸ਼ਿਸ਼ ਕਰ ਰਹੇ ਸਨ ਕਿ ਵਿਦੇਸ਼ ਮੰਤਰਾਲਾ ਚਾਰਟਰ ਜਹਾਜ਼ ਵਰਤਣ ਦੀ ਆਗਿਆ ਦੇ ਦੇਵੇ ਤਾਂ ਪ੍ਰਤੀ ਸੀਟ ਖਰਚਾ ਕਾਫੀ ਘਟ ਸਕਦਾ ਸੀ ਪਰ ਅਗਲਿਆਂ ਦੀ ਮਰਜ਼ੀ ਆ ਅਤੇ ਈਮੇਲਾਂ ਦੇ ਜਵਾਬ ਇਸ ਤਰ੍ਹਾਂ ਆ ਰਹੇ ਹਨ ਕਿ ਜਿਵੇਂ ਦਫਤਰ ਬੰਦ ਹਨ।
ਇਹ ਗੱਲ ਵੀ ਵਿਚਾਰੀ ਗਈ ਹੈ ਕਿ ਜੇਕਰ ਭਾਰਤੀ ਕਮਿਊਨਿਟੀ ਕੀਵੀਆਂ ਦੇ ਲਈ ਐਨਾ ਫੰਡ ਇਕੱਤਰ ਕਰ ਸਕਦੀ ਹੈ ਅਤੇ ਹੋਰ ਪ੍ਰਬੰਧ ਕਰ ਸਕਦੀ ਹੈ ਤਾਂ ਘੱਟੋ-ਘੱਟ ਪੰਜਾਬੀ ਕਮਿਊਨਿਟੀ ਦੇ ਲੋਕ ਪੰਜਾਬੀਆਂ ਦੀ ਲੋੜ ਵਾਸਤੇ ਵੀ ਹੈਲਪ ਕਰ ਸਕਦੇ ਹਨ। ਹੋ ਸਕਦਾ ਹੈ ਇਸ ਵਿਸ਼ੇ ਉਤੇ ਕੌਈ ਗੌਰ ਕਰ ਲਵੇ। ਸ. ਖੜਗ ਸਿੰਘ ਜੋ ਕਿ ਪਹਿਲੀ ਫਲਾਈਟ ਦੇ ਵਿਚ ਜਾ ਰਹੇ ਹਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵੇਲੇ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਆਸ ਹੈ ਕਿ ਸਾਰਾ ਕੁਝ ਠੀਕ-ਠਾਕ ਹੋ ਜਾਵੇਗਾ। ਟਿਕਟਾਂ ਦੀ ਕੀਮਤ ਪ੍ਰਤੀ ਉਹ ਵੀ ਔਖੇ ਹਨ ਪਰ ਸਮਾਂ ਆਉਣ 'ਤੇ ਇਸ ਉਤੇ ਕਮਿਊਟਿਨੀ ਦਾ ਸਾਥ ਦੇਣਗੇ।
24 ਦੀ ਪਹਿਲੀ ਫਲਾਈਟ ਦੀ ਹੈ ਤਿਆਰੀ:
24 ਅਪ੍ਰੈਲ ਨੂੰ ਦਿੱਲੀ ਤੋਂ ਉਡ ਰਹੀ ਪਹਿਲੀ ਫਲਾਈਟ ਦੀ ਤਿਆਰੀ ਹੋ ਗਈ ਹੈ। ਲੋਕਾਂ ਨੂੰ ਵੋਲਵੋ ਬੱਸਾਂ ਦੇ ਰਾਹੀਂ ਵੱਖ-ਵੱਖ ਥਾਵਾਂ ਤੋਂ ਲਿਆ ਜਾਵੇਗਾ। ਬੱਸਾਂ ਦੇ ਡ੍ਰਾਈਵਰ ਲਗਪਗ ਪੰਜਾਬੀ ਹਨ। ਉਨ੍ਹਾਂ ਦੇ ਫੋਨ ਨੰਬਰ ਵੀ ਦੇ ਦਿਤੇ ਗਏ ਹਨ। ਪਿੱਕਅਪ ਬੱਸ ਅਡਿਆਂ ਤੋਂ ਹੋਵੇਗੀ। ਤਿੰਨ ਰੂਟ ਹਨ ਅੰਮ੍ਰਿਤਸਰ ਤੋਂ ਦਿੱਲੀ ਸਵੇਰੇ 9 ਵਜੇ, ਜਲੰਧਰ ਤੋਂ ਦਿੱਲੀ 10 ਵਜੇ ਸਵੇਰੇ, ਨਵਾਂਸ਼ਹਿਰ ਤੋਂ ਦਿੱਲੀ 10 ਵਜੇ ਸਵੇਰੇ।