ਹਰਿੰਦਰ ਨਿੱਕਾ
- ਕੋਰੋਨਾ ਪਾਜ਼ੀਟਿਵ ਰਹੇ ਮਰੀਜ਼ਾਂ ਦੇ ਕਰੀਬੀ ਕੰਨਟੈਕਟ ਚੋਂ ਸਨ, ਇਹ 8 ਸ਼ੱਕੀ ਮਰੀਜ਼
- 6 ਜਣਿਆਂ ਦੀ ਰਿਪੋਰਟ ਹਾਲੇ ਵੀ ਪੈਂਡਿੰਗ
ਬਰਨਾਲਾ, 22 ਅਪ੍ਰੈਲ 2020 - ਜਿਲ੍ਹੇ ਅੰਦਰ ਕੋਰੋਨਾ ਵਾਇਰਸ ਨਾਲ ਮੌਤ ਦੇ ਮੂੰਹ ਜਾ ਪਈ ਮਹਿਲ ਕਲਾਂ ਦੀ ਔਰਤ ਕਰਮਜੀਤ ਕੌਰ ਦੇ ਪਰਿਵਾਰ ਦੇ 5 ਮੈਂਬਰਾਂ, ਸੰਗਰੂਰ ਜਿਲ੍ਹੇ ਦੇ ਪਹਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਅਮਰਜੀਤ ਸਿੰਘ ਗੱਗੜਪੁਰ ਦੇ ਸਹੁਰੇ ਪਿੰਡ ਬੀਹਲਾ , ਜਿਲ੍ਹਾ ਬਰਨਾਲਾ ਦੇ ਪਰਿਵਾਰ ਦੇ 2 ਮੈਂਬਰਾਂ ਅਤੇ ਜਿਲ੍ਹੇ ਦੀ ਪਹਿਲੀ ਕੋਰੋਨਾ ਪਾਜ਼ੀਟਿਵ ਮਰੀਜ਼ ਰਹੀ, ਹੁਣ ਨੈਗੇਟਿਵ ਪਾਈ ਗਈ, ਰਾਧਾ ਦੇ ਕੰਨਟੈਕਟ ਚੋਂ ਇੱਕ ਬਰਨਾਲਾ ਦੇ ਜੰਡਾ ਵਾਲਾ ਰੋਡ ਦੇ ਰਹਿਣ ਵਾਲੇ ਵਿਅਕਤੀ ਦੀ ਰੀਸੈਂਪਲਿੰਗ ਰਿਪੋਰਟ ਵੀ ਅੱਜ ਨੈਗੇਟਿਵ ਆ ਜਾਣ ਨਾਲ ਸਿਹਤ ਵਿਭਾਗ ਤੇ ਜਿਲ੍ਹੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਪਰੰਤੂ ਹਾਲੇ ਵੀ ਜਿਲ੍ਹੇ ਦੇ 6 ਜਣਿਆਂ ਦੀ ਰਿਪੋਰਟ ਪੈਂਡਿੰਗ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਕੋਰੋਨਾ ਵਿਰੋਧੀ ਮੁਹਿੰਮ ਦੇ ਨੋਡਲ ਅਧਿਕਾਰੀ ਡਾਕਟਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਦੇ ਉਕਤ ਸਾਰੇ 8 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਹੀ ਇੱਕ ਪੁਰਸ਼ ਤੇ ਇੱਕ ਮਹਿਲਾ ਦੇ ਸੈਂਪਲ ਲੈ ਕੇ ਵੀ ਜਾਂਚ ਲਈ ਪਟਿਆਲਾ ਭੇਜ਼ੇ ਗਏ ਹਨ। ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦੱਸਿਆ ਕਿ ਜਿਲ੍ਹੇ ਅੰਦਰ ਫਿਲਹਾਲ ਕੋਈ ਵੀ ਕੋਰੋਨਾ ਦਾ ਪਾਜ਼ੀਟਿਵ ਕੇਸ ਨਹੀਂ ਹੈ। ਹਸਪਤਾਲ ਆਉਣ ਵਾਲੇ ਸ਼ੱਕੀ ਕੇਸਾਂ ਦੀ ਗਿਣਤੀ ਵੀ ਫਿਲਹਾਲ ਮੱਠੀ ਹੋ ਗਈ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਦਾ ਕਾਰਗਰ ਉਪਾਅ ਆਪੋ-ਆਪਣੇ ਘਰਾਂ ਅੰਦਰ ਰਹਿਣਾ ਹੀ ਹੈ। ਘਰਾਂ ਤੋਂ ਬਾਹਰ ਨਿੱਕਲਣਾ ਕੋਰੋਨਾ ਨੂੰ ਅਵਾਜ਼ ਦੇ ਕੇ ਬੁਲਾਉਣ ਦੇ ਬਰਾਬਰ ਹੀ ਹੈ। ਵਰਣਨਯੋਗ ਹੈ ਕਿ ਮਹਿਲ ਕਲਾਂ ਨਿਵਾਸੀ ਕਰਮਜੀਤ ਕੌਰ ਦੇ ਪਰਿਵਾਰ ਦੇ 5 ਮੈਂਬਰਾਂ , ਅਮਰਜੀਤ ਸਿੰਘ ਗੱਗੜਪੁਰ ਦੇ ਸੌਹਰਾ ਪਰਿਵਾਰ ਦੇ 2 ਮੈਂਬਰਾਂ ਅਤੇ ਜੰਡਾ ਵਾਲਾ ਰੋਡ ਬਰਨਾਲਾ ਦੇ ਨਿਵਾਸੀ 1 ਬੰਦੇ ਦੀ ਰਿਪੋਰਟ ਸ਼ੱਕੀ ਆਉਣ ਤੋਂ ਬਾਅਦ ਇਨ੍ਹਾਂ 8 ਜਣਿਆਂ ਦੇ ਸੈਂਪਲ ਲੈ ਕੇ ਕੁਝ ਦਿਨ ਪਹਿਲਾਂ ਹੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜੇ ਗਏ ਸਨ। ਜਿਨ੍ਹਾਂ ਦੀ ਰਿਪੋਰਟ ਅੱਜ ਨੈਗੇਟਿਵ ਆਉਣਾ ਇਲਾਕੇ ਲਈ ਸ਼ੁਭ ਸੰਕੇਤ ਹੈ। ਕਿਉਂਕਿ ਇਹ ਸਾਰੇ ਸ਼ੱਕੀ ਮਰੀਜ਼ ਕੋਰੋਨਾ ਪਾਜ਼ੀਟਿਵ ਮਰੀਜਾਂ ਦੇ ਕਰੀਬੀ ਕੰਨਟੈਕਟ ਚੋਂ ਹਨ।