ਮੋਦੀ ਦੇ ਪ੍ਰੋਗਰਾਮ ਦੀ ਹਮਾਇਤ ਕਰਨ ਤੇ ਹੋਇਆ ਪਰਚਾ, ਭੜਕੇ ਤਰਕਸ਼ੀਲ
ਰਾਮਪੂਰਾ ਫੂਲ, 22 ਅਪ੍ਰੈਲ, 2020 : ਤਰਕਸ਼ੀਲ ਸੁਸਾਇਟੀ ਅਤੇ ਜਮਹੂਰੀ ਅਧਿਕਾਰ ਸਭਾ ਰਾਮਪੂਰਾ ਫੂਲ ਨੇ ਟੈਲੀਫ਼ੋਨ ਕਾਨਫਰੈਂਸ ਰਾਹੀਂ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਉਹਨਾਂ ਸਰਕਾਰ ‘ਤੇ ਕਈ ਸਵਾਲ ਖੜੇ ਕੀਤੇ।
ਆਗੂਆਂ ਨੇ ਪੁਲਿਸ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸੁੰਦਰ ਨਗਰ (ਹਿਮਾਚਲ ਪ੍ਰਦੇਸ਼) ਦੇ ਕਰਮਚਾਰੀ ਚਰਨਜੀਤ ਸਿੰਘ ‘ਤੇ 10 ਅਪ੍ਰੈਲ ਨੂੰ ਸਰਕਾਰੀ ਕਰਮਚਾਰੀ ਦੁਆਰਾ ਸਰਕਾਰੀ ਹੁਕਮ ਦੀ ਪਾਲਨਾ ਨਾ ਕਰਨ ਅਤੇ ਹੋਰ ਧਾਰਾਵਾਂ ਤਹਿਤ ਦਰਜ ਕੀਤੇ ਪੁਲਸ ਕੇਸ ਦੀ ਨਿਖੇਧੀ ਕੀਤੀ। ਜਦਕਿ, ਪ੍ਰਧਾਨ ਮੰਤਰੀ ਦੇ ਨੌਂ ਵਜੇ ਨੌਂ ਮਿੰਟ ਲਈ ਦਿੱਤਾ ਪ੍ਰੋਗਰਾਮ ਸਰਕਾਰੀ ਹੁਕਮ ਨਾ ਹੋ ਕੇ ਸਿਰਫ਼, ਇੱਕ ਅਪੀਲ ਹੀ ਸੀ। ਚਰਨਜੀਤ ਸਿੰਘ ਸਮੇਤ ਹਰ ਭਾਰਤੀ ਨੂੰ ਸੰਵਿਧਾਨਕ ਤੌਰ ‘ਤੇ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਆਧਾਰ ‘ਤੇ ਪੂਰੀ ਆਜ਼ਾਦੀ ਹੈ ਕਿ ਉਹ ਸਰਕਾਰ ਦੀ ਕਿਸੇ ਵੀ ਨੀਤੀ ਜਾ ਕੰਮ ਦੀ ਆਲੋਚਨਾ ਕਰ ਸਕੇ। ਚਰਨਜੀਤ ਤੇ ਸਿਰਫ਼ ਇਸ ਗੱਲ ‘ਤੇ ਪਰਚਾ ਦਰਜ ਕਰਨਾ ਅਤਿ ਨਿੰਦਣਯੋਗ ਹੈ ਕਿ ਉਸਨੇ ਦਿੱਤੇ ਪ੍ਰੋਗਰਾਮ ਨੂੰ ਮਹਾਂਮਾਰੀ ਸਮੇਂ ਉਤਸਵ ਵਰਗੇ ਪ੍ਰੋਗਰਾਮ ਦੇਣ ਦੀ ਨਿਖੇਧੀ ਕਰਦੇ ਹੋਏ ਆਪਣੀਆਂ ਦਲੀਲਾਂ ਦਿੱਤੀਆਂ ਅਤੇ ਘਰ ਦੀਆਂ ਲਾਈਟਾਂ ਦਿੱਤੇ ਸਮੇਂ ਜਗਦੀਆਂ ਰੱਖੀਆਂ।
ਆਗੂਆਂ ਨੇ ਕਿਹਾ ਕਿ ਮੁਕੰਮਲ ਬੰਦ ਨਾਲ ਜਿੱਥੇ ਵਾਈਰਸ ਦੇ ਫੈਲਾਅ ਵਿੱਚ ਭਾਰੀ ਕਮੀ ਆਉਣ ਦੀ ਸੰਭਾਵਨਾ ਹੈ ਪਰ ਇਹ ਸਪਸ਼ਟ ਹੈ ਕਿ ਵਾਇਰਸ ਦੇ ਫੈਲਣ ਦੀ ਸੰਭਾਵਨਾ ਬਣੀ ਰਹੇਗੀ। ਪ੍ਰਾਪਤ ਮੀਡੀਆ ਜਾਣਕਾਰੀਆਂ ਅਨੁਸਾਰ ਕਰੋਨਾ ਵਾਈਰਸ ਦੇ 80 ਪ੍ਰਤੀਸ਼ਤ ਮਰੀਜ਼ ਖ਼ੁਦ ਹੀ ਠੀਕ ਹੋ ਜਾਣਗੇ। ਬਾਕੀ ਵਿਚੋਂ ਕੁੱਝ ਬਿਮਾਰ ਤੇ ਕੁੱਝ ਕੁ ਸੀਰੀਅਸ ਹੋਣਗੇ। ਸੀਰੀਅਸ ਮਰੀਜ਼ਾ ਨੂੰ ਆਕਸੀਜਨ ਦੇ ਕੇ ਅਤੇ ਹੋਰ ਮੈਡੀਕਲ ਸਹੂਲਤਾਂ ਨਾਲ ਕਾਫ਼ੀ ਹੱਦ ਤੱਕ ਬਚਾਇਆ ਜਾ ਸਕਦਾ ਹੈ। ਸਰਕਾਰ ਸਪਸ਼ਟ ਕਰੇ ਕਿ ਉਸ ਕੋਲ ਆਕਸੀਜਨ ਆਦਿ ਦੇ ਕਿੰਨੇ ਬੈੱਡਾਂ ਦੀਆਂ ਸਹੂਲਤਾਂ ਹਨ ਅਤੇ ਲੋੜ ਅਨੁਸਾਰ ਹੋਰ ਕੀ ਪ੍ਰਬੰਧ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸਪਸ਼ਟ ਤਰੀਕੇ ਨਾਲ ਇੰਟਰਨੈੱਟ ਵੈੱਬਸਾਈਟਾਂ ਅਤੇ ਮੁਬਾਇਲ ਐਪਸ ਰਾਹੀਂ ਉਪਲਬਧ ਕਰਵਾਈ ਜਾਵੇ। ਨਿੱਤ ਦੀ ਰੋਟੀ ਕੰਮਾਂ ਕੇ ਖਾਣ ਵਾਲੇ ਦਿਹਾੜੀਦਾਰ ਲੋਕਾਂ ਦੇ ਖਾਣ ਪੀਣ ਦਾ ਪਾਰਦਰਸ਼ੀ ਪ੍ਰਬੰਧ ਕੀਤਾ ਜਾਣਾ ਬਣਦਾ ਹੈ। ਆਗੂਆਂ ਨੇ ਕਿਹਾ ਕਿ ਭਾਰਤ ਬੰਦ ਨੂੰ ਲਾਗੂ ਕਰਵਾਉਣ ਨੂੰ ਹੀ ਵੱਡੀ ਉਪਲਬਧੀ ਵਜੋਂ ਉਭਾਰਨ ਦੀ ਥਾਂ ਹੋਰ ਹਕੀਕੀ ਪ੍ਰਬੰਧਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਉਹਨਾਂ ਦੀ ਜਾਣਕਾਰੀ ਦਿੱਤੀ ਜਾਵੇ। ਸਵੱਛ ਭਾਰਤ ਵਰਗੇ ਫ਼ਰਜ਼ੀ ਪ੍ਰੋਗਰਾਮਾਂ ਦੀ ਥਾਂ, ਕੂੜਾ ਕਰਕਟ ਦੇ ਵਾਤਾਵਰਨ ਅਨੁਕੂਲ ਨਿਪਟਾਰਾ ਪ੍ਰਬੰਧਾਂ ਵੱਲ ਧਿਆਨ ਦਿੱਤਾ ਜਾਵੇ। ਕਰੋਨਾ ਵਾਇਰਸ ਦੇ ਸਦਮੇ ਦੇ ਚੱਲਦਿਆਂ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ ।ਚਰਨਜੀਤ ਸਮੇਤ ਹੋਰ ਲੋਕ ਆਗੂਆਂ ਤੇ ਕੀਤੇ ਜਾ ਰਹੇ ਦਮਨਕਾਰੀ ਕਾਰਜ ਰੋਕੇ ਜਾਣ। ਇਸ ਬੰਦ ਸਮੇਂ ਮੰਨੇ ਪਰਮੰਨੇ ਅਤੇ ਕਹਿੰਦੇ ਕਹਾਉਂਦੇ ਵੱਡ ਅਕਾਰੀ ਨਿੱਜੀ ਹਸਪਤਾਲਾਂ ਨੇ ਮਰੀਜ਼ਾਂ ਨੂੰ ਸੰਭਾਲਣਾ ਬੰਦ ਕਰ ਦਿੱਤਾ ਹੈ।
ਮੀਟਿੰਗ ਵਿੱਚ ਗਗਨ ਗਰੋਵਰ, ਸੁਰਿੰਦਰ ਗੁਪਤਾ, ਜੰਟਾ ਸਿੰਘ, ਜਗਦੇਵ ਸਿੰਘ, ਮੇਜਰ ਸਿੰਘ, ਗੁਰਦੀਪ ਸਿੰਘ, ਡਾ: ਜਗਤਾਰ ਫੂਲ, ਮਾਸਟਰ ਅਵਤਾਰ ਸਿੰਘ, ਸੁਖਦੇਵ ਪਾਂਧੀ ਆਦਿ ਸ਼ਾਮਲ ਸਨ।