ਰਜਨੀਸ਼ ਸਰੀਨ
- ਡੀ ਸੀ ਵਿਨੈ ਬਬਲਾਨੀ ਨੇ ਆਖਿਆ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਨਾਲ ਜੁੜਿਆ ਜ਼ਿਲ੍ਹਾ ਹਮੇਸ਼ਾਂ ਚੜ੍ਹਦੀ ਕਲਾ ’ਚ ਰਹੇਗਾ
ਖਟਕੜ ਕਲਾਂ, 22 ਅਪਰੈਲ 2020 - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕੋਰੋਨਾ ਮੁਕਤ ਹੋਣ ’ਤੇ ਅੱਜ ਜ਼ਿਲ੍ਹੇ ਦਾ ਸਮੁੱਚਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੀ ਅਗਵਾਈ ’ਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਸਥਿਤ ਉਨ੍ਹਾਂ ਦੀ ਯਾਦਗਾਰ ’ਤੇ ਸਿਜਦਾ ਕਰਨ ਪੁੱਜਾ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੇ ਨਾਲ ਐਸ ਐਸ ਪੀ ਅਲਕਾ ਮੀਨਾ, ਏ ਡੀ ਸੀ (ਜ) ਅਦਿਤਿਆ ਉੱਪਲ, ਐਸ ਪੀ (ਡੀ) ਵਜ਼ੀਰ ਸਿੰਘ ਖਹਿਰਾ, ਐਸ ਡੀ ਐਮ ਬੰਗਾ ਗੌਤਮ ਜੈਨ, ਡੀ ਐਸ ਪੀ ਬੰਗਾ ਨਵਨੀਤ ਸਿੰਘ ਮਾਹਲ, ਡੀ ਐਸ ਪੀ ਦੀਪਿਕਾ ਸਿੰਘ ਸ਼ਹੀਦ ਭਗਤ ਸਿੰਘ ਦੀ ਯਦਾਗਾਰ ’ਤੇ ਨਤਮਸਤਕ ਹੋਣ ਵਾਲਿਆਂ ’ਚ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਬੀਰ ਸਿੰਘ ਪੱਲੀ ਝਿੱਕੀ ਵੀ ਪੁੱਜੇ ਹੋਏ ਸਨ।
ਸ੍ਰੀ ਬਬਲਾਨੀ ਨੇ ਇਸ ਮੌਕੇ ਭਾਵੁਕ ਹੁੰਦਿਆਂ ਕਿਹਾ ਕਿ 18 ਮਾਰਚ ਜਿਸ ਦਿਨ ਸਵਰਗੀ ਬਲਦੇਵ ਸਿੰਘ ਦੇ ਦੇਹਾਂਤ ਬਾਅਦ ਉਨ੍ਹਾਂ ਦਾ ਲਿਆ ਗਿਆ ਕੋਵਿਡ ਸੈਂਪਲ ਪਾਜ਼ੇਟਿਵ ਆਉਣ ਦੀ ਖਬਰ ਆਈ ਸੀ, ਉਸ ਦਿਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਿਖਰਲੇ ਤੋਂ ਹੇਠਲੇ ਅਧਿਕਾਰੀ ਤੱਕ ਨੇ ਇਸ ਇੱਕ ਮਹੀਨੇ ਦੇ ਸਮੇਂ ’ਚ ਦਿਨ-ਰਾਤ ਇੱਕ ਕੀਤਾ ਹੋਇਆ ਸੀ ਕਿ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਨੂੰ ਇਨ੍ਹਾਂ ਪਿੰਡਾਂ ਤੋਂ ਹੋਰ ਅੱਗੇ ਫੈਲਣ ਤੋਂ ਬਚਾਅ ਲਿਆ ਜਾਵੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਇਸ ਗੱਲ ਦਾ ਵਿਸ਼ਵਾਸ਼ ਸੀ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਨਾਮ ਨਾਲ ਜੁੜਿਆ ਇਹ ਜ਼ਿਲ੍ਹਾ ਇਸ ਮਹਾਂਮਾਰੀ ਨਾਲ ਲੜੀ ਜਾ ਰਹੀ ਜੰਗ ’ਚੋਂ ਵੀ ਜਿੱਤੇਗਾ ਅਤੇ ਅੱਜ 18ਵਾਂ ਮਰੀਜ਼ ਸਿਹਤ ਘਰ ਜਾਣ ਬਾਅਦ ਉਨ੍ਹਾਂ ਦਾ ਇਹ ਵਿਸ਼ਵਾਸ਼ ਹੋਰ ਵੀ ਪੱਕਾ ਹੋ ਗਿਆ ਹੈ ਅਤੇ ਇਸੇ ਲਈ ਉਹ ਸ਼ਹੀਦ-ਏ-ਆਜ਼ਮ ਦੀ ਯਾਦਗਾਰ ’ਤੇ ਸ਼ੁਕਰਾਨਾ ਕਰਨ ਆਏ ਹਨ।
ਡਿਪਟੀ ਕਮਿਸ਼ਨਰ ਅਨੁਸਾਰ 19 ਮਾਰਚ ਨੂੰ ਪਹਿਲਾ ਪਿੰਡ ਸੀਲ ਕਰਨ ਨਾਲ ਸ਼ੁਰੂ ਹੋਇਆ ਇਹ ਸਿਲਸਿਲਾ 23 ਮਾਰਚ ਤੱਕ 15 ਪਿੰਡਾਂ ਦੀ ਮੁਕੰਮਲ ਨਾਕੇਬੰਦੀ ਤੱਕ ਪੁੱਜ ਗਿਆ ਸੀ ਪਰੰਤੂ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਪਿੰਡਾਂ ਦੇ ਬਸ਼ਿੰਦਿਆਂ ਦੇ ਸਿਰੜ ਅਤੇ ਸਬਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਜੇਕਰ ਇਹ ਸਾਰੇ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ’ਚ ਪ੍ਰਸ਼ਾਸਨ ਦਾ ਸਾਥ ਨਾ ਦਿੰਦੇ ਤਾਂ ਅੱਜ ਵਰਗੀ ਸਫ਼ਲਤਾ ਨਹੀਂ ਸੀ ਮਿਲਣੀ।
ਉਨ੍ਹਾਂ ਕਿਹਾ ਕਿ ਇਨ੍ਹਾਂ 18 ਮਰੀਜ਼ਾਂ ਦੇ ਘਰ ਜਾਣ ਨਾਲ ਹਾਲਾਂ ਜ਼ਿਲ੍ਹੇ ’ਚੋਂ ਖਤਰਾ ਟਲਿਆ ਨਾ ਸਮਝਿਆ ਜਾਵੇ ਬਲਕਿ ਹੋਰ ਸਾਵਧਾਨ ਹੋ ਕੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ‘ਆਰੇਂਜ’ ਜ਼ੋਨ ’ਚ ਆਉਣਾ ਚਾਹੁੰਦੇ ਹਾਂ ਤਾਂ ਅਗਲੇ 14 ਦਿਨ ਇੱਕ ਵੀ ਪਾਜ਼ੇਟਿਵ ਕੇਸ ਨਾ ਆਉਣ ਨੂੰ ਯਕੀਨੀ ਬਣਾਉਣ ਲਈ ਅਸੀਂ ਆਪਣੇ ਆਪ ਨੂੰ ਘਰਾਂ ’ਚ ਬੰਦ ਰੱਖੀਏ। ਅਤੇ ਉਸ ਤੋਂ ਬਾਅਦ ਜੇਕਰ ਅਸੀਂ ਸੁਰੱਖਿਅਤ ‘ਗਰੀਨ’ ਜ਼ੋਨ ’ਚ ਆਉਣਾ ਚਾਹੁੰਦੇ ਹਾਂ ਤਾਂ ਫ਼ਿਰ ਇਨ੍ਹਾਂ 14 ਦਿਨਾਂ ਤੋਂ ਬਾਅਦ ਵਾਲੇ ਅਗਲੇ 14 ਦਿਨ ਹੋਰ ਸਬਰ ਦਿਖਾਉਣਾ ਪਵੇਗਾ, ਜੇਕਰ ਇਸ ਸਮੇਂ ਦੌਰਾਨ ਵੀ ਕੋਈ ਪਾਜ਼ੇਟਿਵ ਕੇਸ ਨਹੀਂ ਆਉਂਦਾ ਤਾਂ ਜ਼ਿਲ੍ਹਾ ‘ਸੇਫ਼ ਜ਼ੋਨ’ ’ਚ ਆ ਜਾਵੇਗਾ।