- ਹੁਣ ਗਿਆਰਵੀਂ ਦੀ ਪੜ੍ਹਾਈ ਕਰੇਗਾ ਸ਼ੁਰੂ
ਨਵਾਂ ਸ਼ਹਿਰ, 22 ਅਪਰੈਲ 2020 - ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਤੋਂ ਅੱਜ ਕੋਰੋਨਾ `ਤੇ ਜਿੱਤ ਪ੍ਰਾਪਤ ਕਰਕੇ ਆਪਣੇ ਘਰ ਲਈ ਰਵਾਨਾ ਹੋਏ ਨੌਜਵਾਨ ਜਸਕਰਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਨੂੰ ਹਰਾਉਣ ਲਈ ਘਰ ਬੈਠੋ ਤੇ ਸੁਰੱਖਿਅਤ ਰਹੋ। ਉਸ ਦਾ ਕਹਿਣਾ ਸੀ ਕਿ ਭਾਵੇਂ ਕੋਰੋਨਾ ਦਾ ਕੋਈ ਇਲਾਜ ਨਹੀਂ ਹੈ ਪਰ ਸਾਡਾ ਹੌਸਲਾ ਅਤੇ ਦਲੇਰੀ ਹੀ ਇਸ `ਤੇ ਜਿੱਤ ਪ੍ਰਾਪਤ ਕਰਨ ਲਈ ਕਾਫ਼ੀ ਹੈ। ਉਸ ਨੇ ਲੋਕਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਕੋਰੋਨਾ ਦੇ ਟਾਕਰੇ ਲਈ ਆਪਣੇ ਆਪ ਨੂੰ ਘਰਾਂ `ਚ ਰੱਖਿਆ ਜਾਵੇ ਅਤੇ ਵਾਰ ਵਾਰ ਆਪਣੇ ਹੱਥ ਧੋਤੇ ਜਾਣ ਜੇਕਰ ਬਹੁਤ ਹੀ ਮਜ਼ਬੂਰੀ ਹੋਵੇ ਤਾਂ ਹੀ ਘਰੋਂ ਬਾਹਰ ਮਾਸਕ ਲਾ ਕੇ ਨਿਕਲਿਆ ਜਾਵੇ।
ਜ਼ਿਲ੍ਹਾ ਹਸਪਤਾਲ ਦੇ ਆਈਸ਼ੋਲੇਸ਼ਨ ਵਾਰਡ `ਚ ਤਾਇਨਾਤ ਡਾਕਟਰਾਂ ਤੇ ਹੋਰ ਸਟਾਫ਼ ਦਾ ਵਾਰ ਵਾਰ ਧੰਨਵਾਦ ਕਰਦਿਆਂ ਜਸਕਰਨ ਸਿੰਘ ਨੇ ਕਿਹਾ ਕਿ ਹਸਪਤਾਲ ਵੱਲੋਂ ਕੀਤੀ ਸੇਵਾ ਅਤੇ ਹੌਂਸਲਾ ਅਫ਼ਜਾਈ ਨਾਲ ਹੀ ਸਾਰੇ ਮਰੀਜ਼ ਚੜ੍ਹਦੀ ਕਲਾਂ `ਚ ਬਾਹਰ ਆਏ ਹਾਂ। ਉਸ ਦਾ ਕਹਿਣਾ ਸੀ ਕਿ ਸਾਨੂੰ ਬਕਾਇਦਾ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਸੀ, ਜਿਸ ਵਿੱਚ ਮਨਪ੍ਰਚਾਵੇ ਲਈ ਇਨਡੋਰ ਖੇਡਾਂ, ਮੋਬਾਈਲ ਦੀ ਵਰਤੋਂ ਅਤੇ ਇੱਕ-ਦੂਸਰੇ ਨਾਲ ਆਪੋ ਆਪਣੇ ਕਮਰੇ ਦੇ ਦਰਵਾਜ਼ੇ `ਤੇ ਖੜ੍ਹ ਕੇ ਗੱਲ ਕਰਨ ਦੀ ਸੁਵਿਧਾ ਅਤੇ ਥੋੜੇ ਥੋੜੇ ਸਮੇਂ ਬਾਅਦ ਸਟਾਫ਼ ਵੱਲੋਂ ਮਿਲ ਕੇ ਸਾਡੀਆਂ ਜ਼ਰੂਰਤਾਂ ਬਾਰੇ ਪੁੱਛਣਾ ਆਦਿ। ਉਸ ਦਾ ਕਹਿਣਾ ਸੀ ਕਿ 22 ਮਾਰਚ ਨੂੰ ਉਸ ਦਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਤੱਕ ਹਸਪਤਾਲ ਵਿੱਚ ਰਹਿੰਦੇ ਹੋਏ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਅਸੀਂ ਪਰਿਵਾਰ ਤੋਂ ਦੂਰ ਰਹਿ ਰਹੇ ਹਾਂ। ਡਾਕਟਰਾਂ ਅਤੇ ਨਰਸਿੰਗ ਸਟਾਫ਼ ਦਾ ਰਵੱਈਆ ਬਹੁਤ ਹੀ ਹਮਦਰਦੀ ਵਾਲਾ ਰਿਹਾ।
ਭਵਿੱਖੀ ਯੋਜਨਾ ਬਾਰੇ ਉਸ ਨੇ ਦੱਸਿਆ ਕਿ ਉਸ ਨੇ ਦਸਵੀਂ ਦੇ ਇਮਤਿਹਾਨ ਦਿੱਤੇ ਹੋਏ ਹਨ ਅਤੇ ਹੁਣ ਗਿਆਰਵੀਂ ਦੀ ਪੜ੍ਹਾਈ ਸ਼ੂਰੂ ਕਰੇਗਾ। ਉਸ ਦਾ ਕਹਿਣਾ ਹੈ ਕਿ ਉਸ ਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ।