ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 23 ਅਪ੍ਰੈਲ 2020 - ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਭਰ ਵਿੱਚ ਹਰ ਮਹੱਲੇ ਅਤੇ ਪਿੰਡ-ਕਸਬੇ ਵਿੱਚ ਆਮ ਲੋਕਾਂ ਨੂੰ ਕੋਵਿਡ -19 ਦੀ ਰੋਕਥਾਮ ਅਤੇ ਸਾਵਧਾਨੀਆਂ ਤੋਂ ਜਾਣੂ ਕਰਵਾਉਣ ਲਈ ਮਲਟੀਪਰਪਜ਼ ਹੈਲਥ ਵਰਕਰ,ਏ.ਐਨ.ਐਮ ਅਤੇ ਆਸ਼ਾ ਵਰਕਰ ਆਪਣੀ ਜਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ। ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲੇ ਦੀ ਹਰ ਸਿਹਤ ਸੰਸਥਾ ਦਾ ਅਮਲਾ ਪਿਛਲੇ ਕਈ ਦਿਨਾਂ ਤੋਂ ਬਿਨਾ ਕਿਸੇ ਸਰਕਾਰੀ ਛੁੱਟੀ ਤੋਂ ਸ਼ਾਨਦਾਰ ਸੇਵਾਵਾਂ ਨਿਭਾ ਰਿਹਾ ਹੈ।
ਜ਼ਿਲ੍ਹਾ ਐਪੀਡਿਮੋਲੋਜਿਸਟ ਡਾ.ਵਿਕਰਮਜੀਤ ਸਿੰਘ,ਡਾ.ਅਨੀਤਾ,ਐਸ.ਐ.ਓ,ਸਹਾਇਕ ਯੂਨਿਟ ਅਫਸਰ,ਬੀ.ਈ.ਈ,ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰ-ਮੇਲ ਅਤੇ ਕਮਿਊਮਟੀ ਹੈਲਥ ਵਰਕਰ ਦੀਆਂ ਹਦਾਇਤਾਂ ਤਹਿਤ ਸਟਾਫ ਅਣਥੱਕ ਮਿਹਨਤ ਕਰ ਫਰੰਟ ਲਾਈਨ ਤੇ ਕੰਮ ਕਰ ਰਿਹਾ ਹੈ।ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਅਤੇ ਕੋਵਿਡ-19 ਦੇ ਜ਼ਿਲਾ ਨੋਡਲ ਅਫਸਰ ਡਾ.ਮਨਜੀਤ ਕ੍ਰਿਸ਼ਨ ਭੱਲਾ ਨੇ ਕਿਹਾ ਕਿ ਸਿਹਤ ਵਿਭਾਗ ਦਾ ਸਟਾਫ ਕੋਵਿਡ-19 ਦੀ ਰੋਕਥਾਮ,ਜਾਗਰੂਕਤਾ,ਸੈਂਪਲਿੰਗ ਅਤੇ ਇਕਾਂਤਵਾਸ ਕਰਨ ਹਿੱਤ ਘਰ-ਘਰ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਰਿਹਾ ਹੈ।
ਇਹ ਸਿਹਤ ਵਿਭਾਗ ਦੇ ਉਹ ਯੋਧੇ ਹਨ ਜੋ ਕਿ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਔਖੇ ਸਮੇਂ ਅਤੇ ਹਾਲਾਤਾਂ ਵਿਚ ਪੂਰੀ ਤਨਦੇਹੀ ਨਾਲ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਉਨਾਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਅਤੇ ਆਪਣੀ ਸੁਰੱਖਿਆ ਦਾ ਵੀ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ।ਡਾ.ਰਜਿੰਦਰ ਕੁਮਾਰ ਨੇ ਕਿਹਾ ਕਿ ਇਸ ਮਹਾਂਮਾਰੀ ਦੌਰਾਨ ਇਮਾਨਦਾਰੀ ਅਤੇ ਮੇਹਨਤ ਨਾਲ ਡਿਊਟੀ ਕਰਨ ਵਾਲੇ ਸਿਹਤ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ।