ਕੁਲਵੰਤ ਸਿੰਘ ਬੱਬੂ
- ਬੀਤੀ ਰਾਤ ਪਟਿਆਲਾ 'ਚ ਵੀ ਦੋ ਜਣਿਆਂ ਵਿਰੁੱਧ ਹੋਇਆ ਸੀ ਮਾਮਲਾ ਦਰਜ
- ਕਰਫਿਊ ਦੀ ਉਲੰਘਣਾ ਕਰਨਾ ਵਾਲਿਆਂ ਵਿਰੁੱਧ ਸਖ਼ਤੀ ਵਰਤੀ ਜਾਵੇਗੀ-ਸਿੱਧੂ
ਰਾਜਪੁਰਾ/ਪਟਿਆਲਾ, 23 ਅਪ੍ਰੈਲ 2020 - ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਪਟਿਆਲਾ ਪੁਲਿਸ ਨੇ ਸੀਨੀਅਰ ਮੈਡੀਕਲ ਅਫ਼ਸਰ ਰਾਜਪੁਰਾ ਵੱਲੋਂ ਡੀ.ਐਸ.ਪੀ. ਰਾਜਪੁਰਾ ਨੂੰ ਭੇਜੀ ਸੂਚਨਾ ਦੇ ਅਧਾਰ 'ਤੇ ਦੋ ਜਣਿਆਂ ਵਿਰੁੱਧ ਕੋਵਿਡ-19 ਮਹਾਂਮਾਰੀ ਨੂੰ ਫੈਲਾਉਣ ਅਤੇ ਕਰਫਿਊ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਕੇਸ ਵਿੱਚ ਇਨ੍ਹਾਂ ਦੋ ਜਣਿਆਂ ਸਮੇਤ ਕਈ ਹੋਰ ਅਣਪਛਾਤੇ ਵੀ ਨਾਜਮਦ ਕੀਤੇ ਗਏ ਹਨ।
ਸਿੱਧੂ ਨੇ ਦੱਸਿਆ ਕਿ ਥਾਣਾ ਸਿਟੀ ਰਾਜਪੁਰਾ ਵਿਖੇ ਮਿਤੀ 23/04/2020 ਨੂੰ ਦਰਜ ਐਫ.ਆਈ.ਆਰ. ਨੰਬਰ 100 'ਚ ਆਈ.ਪੀ.ਸੀ. ਦੀਆਂ ਧਾਰਾਵਾਂ 188, 269, 271 ਤੇ 336 ਸਮੇਤ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51 ਤਹਿਤ ਦਰਜ ਕੀਤੇ ਇਸ ਕੇਸ 'ਚ ਕ੍ਰਿਸ਼ਨ ਉਰਫ਼ ਕੱਲੂ ਅਤੇ ਬਲਰਾਜ ਉਰਫ਼ ਬੱਲੂ ਸਮੇਤ ਕਈ ਹੋਰ ਅਣਪਛਾਤੇ ਵਿਅਕਤੀ ਨਾਮਜਦ ਕੀਤੇ ਗਏ ਹਨ।
ਜਦੋਂਕਿ ਬੀਤੀ ਰਾਤ ਸਿਵਲ ਸਰਜਨ ਪਟਿਆਲਾ ਵੱਲੋਂ ਲਿਖੇ ਪੱਤਰ ਦੇ ਅਧਾਰ 'ਤੇ ਦੋ ਹੋਰ ਜਣਿਆਂ ਵਿਰੁੱਧ ਥਾਣਾ ਕੋਤਵਾਲੀ ਪਟਿਆਲਾ ਵਿਖੇ ਪੁਲਿਸ ਕੇਸ ਐਫ.ਆਈ.ਆਰ. ਨੰਬਰ 97 ਮਿਤੀ 22 ਅਪ੍ਰੈਲ ਤਹਿਤ ਪਹਿਲਾਂ ਹੀ ਦਰਜ ਹੋ ਚੁੱਕਾ ਹੈ।
ਇਸ ਕੇਸ ਵਿੱਚ ਆਈ.ਪੀ.ਸੀ. ਦੀਆਂ ਧਾਰਾਵਾਂ 188, 269, 271 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51 ਤਹਿਤ ਕ੍ਰਿਸ਼ਨ ਕੁਮਾਰ ਗਾਬਾ ਅਤੇ ਕ੍ਰਿਸ਼ਨ ਕੁਮਾਰ ਬਾਂਸਲ ਸਮੇਤ ਕਈ ਹੋਰ ਅਣਪਛਾਤਿਆਂ ਨੂੰ ਨਾਮਜਦ ਕੀਤਾ ਗਿਆ ਹੈ। ਇਨ੍ਹਾਂ ਨੇ ਵੀ ਕਰਫਿਊ ਅਤੇ ਲਾਕਡਾਊਨ ਦੀ ਉਲੰਘਣਾਂ ਕਰਨ ਸਮੇਤ ਜ਼ਿਲ੍ਹਾ ਮੈਜਿਸਟਰੇਟ ਦੀਆਂ ਹਦਾਇਤਾਂ ਵਿਰੁੱਧ ਗ਼ੈਰਜਿੰਮੇਵਾਰਾਨਾ ਰਵੱਈਆ ਅਪਣਾਉਂਦਿਆਂ ਆਪਣੀਆਂ ਵਪਾਰਕ ਗਤੀਵਿਧੀਆਂ ਜਾਰੀ ਰੱਖੀਆਂ ਅਤੇ ਪਟਿਆਲਾ ਸਮੇਤ ਸ਼ਹਿਰ ਤੋਂ ਵੀ ਬਾਹਰ ਗਏ।
ਐਸ.ਐਸ.ਪੀ. ਨੇ ਦੱਸਿਆ ਕਿ ਐਸ.ਐਮ.ਓ. ਰਾਜਪੁਰਾ ਵੱਲੋਂ ਡੀ.ਐਸ.ਪੀ. ਰਾਜਪੁਰਾ ਨੂੰ ਲਿਖਿਆ ਪੱਤਰ ਜੋ ਕਿ ਐਸ.ਡੀ.ਐਮ. ਰਾਜਪੁਰਾ ਤੇ ਸਿਵਲ ਸਰਜਨ ਪਟਿਆਲਾ ਨੂੰ ਵੀ ਭੇਜਿਆ ਗਿਆ ਹੈ, ਮੁਤਾਬਕ ਇਨ੍ਹਾਂ ਵਿਅਕਤੀਆਂ ਨੇ ਕਰਫਿਊ ਦੌਰਾਨ ਆਪਣੀਆਂ ਗ਼ੈਰ ਜਿੰਮੇਵਾਰਾਨਾਂ ਗਤੀਵਿਧੀਆਂ ਜਾਰੀ ਰੱਖਦਿਆਂ ਰਾਜਪੁਰਾ ਸ਼ਹਿਰ ਵਿਖੇ ਕੋਵਿਡ-19 ਬਿਮਾਰੀ ਫੈਲਾਉਣ 'ਚ ਭੂਮਿਕਾ ਨਿਭਾਈ, ਕਿਉਂਕਿ ਇਹ ਸਾਰੇ ਪਾਜ਼ਿਟਿਵ ਪਾਏ ਗਏ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਥਾਣਾ ਸਿਟੀ ਰਾਜਪੁਰਾ ਵੱਲੋਂ ਵੀ ਇਸ ਸਬੰਧੀਂ ਆਪਣੀ ਇੱਕ ਮੁਢਲੀ ਜਾਂਚ ਕੀਤੀ ਗਈ ਸੀ। ਇਨ੍ਹਾਂ ਵਿਅਕਤੀਆਂ ਨੇ ਕੋਰੋਨਾਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਕਰਫਿਊ ਅਤੇ ਲਾਕਡਾਊਨ ਦੀ ਉਲੰਘਣਾ ਕਰਦਿਆਂ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਦੀ ਵੀ ਅਣਦੇਖੀ ਕਰਕੇ ਰਾਜਪੁਰਾ ਵਿੱਚ ਬਹੁਤ ਸਾਰੇ ਲੋਕਾਂ ਨਾਲ ਆਪਣਾ ਮੇਲ-ਮਿਲਾਪ ਜਾਰੀ ਰੱਖਿਆ।
ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਲਾਪਰਵਾਹੀ ਵਰਤਦਿਆਂ ਇਹ ਵਿਅਕਤੀ ਰਾਜਪੁਰਾ ਤੋਂ ਬਾਹਰ ਵੀ ਗਏ ਸਨ। ਇਨ੍ਹਾਂ ਦੇ ਕੋਵਿਡ-19 ਪਾਜ਼ਿਟਿਵ ਹੋਣ ਸਮੇਤ ਇਨ੍ਹਾਂ ਦੀਆਂ ਗ਼ੈਰ ਜਿੰਮੇਵਾਰਾਨਾਂ ਹਰਕਤਾਂ ਕਰਕੇ ਬਹੁਤ ਸਾਰੇ ਹੋਰ ਲੋਕ ਤੇ ਪਰਿਵਾਰ ਇਸ ਭਿਆਨਕ ਮਹਾਂਮਾਰੀ ਦੀ ਗ੍ਰਿਫ਼ਤ ਵਿੱਚ ਆਉਣ ਕਰਕੇ ਕੋਰੋਨਾਵਾਇਰਸ ਦੀ ਲਾਗ ਨਾਲ ਮਨੁੱਖਾਂ ਦੀ ਜਾਨ ਖ਼ਤਰੇ 'ਚ ਪੈ ਗਈ ਹੈ।
ਐਸ.ਐਸ.ਪੀ. ਸ. ਸਿੱਧੂ ਨੇ ਕਿਹਾ ਕਿ ਪੁਲਿਸ ਨੋਵਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੀ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਵੇਗੀ।