ਹਰਿੰਦਰ ਨਿੱਕਾ
- 82 ਸ਼ੱਕੀ ਮਰੀਜਾਂ ਦੀ ਰਿਪੋਰਟ ਨੈਗੇਟਿਵ, 62 ਦੇ ਜ਼ਾਂਚ ਲਈ ਭੇਜ਼ੇ ਹੋਰ ਸੈਂਪਲ
- ਮੌਤ ਤੋਂ ਪਹਿਲਾਂ ਮ੍ਰਿਤਕ ਔਰਤ ਦੇ ਲਏ ਸੈਂਪਲ ਦੀ ਰਿਪੋਰਟ ਦੁਪਿਹਰ ਤੱਕ ਆਉਣ ਦੀ ਸੰਭਾਵਨਾ
ਬਰਨਾਲਾ, 28 ਅਪ੍ਰੈਲ 2020 - ਬਰਨਾਲਾ ਜਿਲ੍ਹੇ ਦੇ ਧਨੌਲਾ ਕਸਬੇ ਦੀ ਰਹਿਣ ਵਾਲੀ ਕੋਰੋਨਾ ਦੀ ਇੱਕ ਸ਼ੱਕੀ ਮਰੀਜ਼ ਔਰਤ ਦੀ ਰਜਿੰਦਰਾ ਹਸਪਤਾਲ ਪਟਿਆਲਾ 'ਚ ਅੱਜ ਮੰਗਲਵਾਰ ਸਵੇਰੇ ਮੌਤ ਹੋ ਗਈ। ਇਸ ਸ਼ੱਕੀ ਮਰੀਜ਼ ਨੂੰ ਹਾਲਤ ਗੰਭੀਰ ਹੋਣ ਕਾਰਣ ਹਾਲੇ ਸੋਮਵਾਰ ਬਾਅਦ ਦੁਪਿਹਰ ਹੀ ਧਨੌਲਾ ਤੋਂ ਬਰਨਾਲਾ ਅਤੇ ਬਰਨਾਲਾ ਤੋਂ ਰਜਿੰਦਰਾ ਹਸਪਤਾਲ 'ਚ ਰੈਫਰ ਕੀਤਾ ਗਿਆ ਸੀ। ਇਸ ਔਰਤ ਦੇ ਕੋਰੋਨਾ ਦੀ ਜਾਂਚ ਲਈ ਸੈਂਪਲ ਵੀ ਕੱਲ੍ਹ ਹੀ ਲਏ ਗਏ ਸਨ। ਪਰੰਤੂ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ।
ਇਸ ਸਬੰਧੀ ਗੱਲਬਾਤ ਕਰਦਿਆਂ ਜਿਲ੍ਹੇ ਦੇ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਕਿਹਾ ਕਿ ਔਰਤ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਣ ਹੀ ਉਸਨੂੰ ਕੱਲ੍ਹ ਤੁਰੰਤ ਹੀ ਰਜਿੰਦਰਾ ਹਸਪਤਾਲ ਚ, ਰੈਫਰ ਕਰਦਿੱਤਾ ਗਿਆ ਸੀ। ਹਸਪਤਾਲ ਪਹੁੰਚਦਿਆਂ ਹੀ ਉਸ ਦਾ ਸੈਂਪਲ ਲੈ ਕੇ ਜਾਂਚ ਵੀ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਸੈਂਪਲ ਦੀ ਰਿਪੋਰਟ ਹਾਲੇ ਅੱਜ ਦੁਪਿਹਰ ਤੱਕ ਮਿਲ ਜਾਣ ਦੀ ਸੰਭਾਵਨਾ ਹੈ। ਰਿਪੋਰਟ ਦੇ ਅਨੁਸਾਰ ਹੀ ਉਸ ਦੀ ਟਰੈਵਲ ਤੇ ਸੰਪਰਕ ਹਿਸਟਰੀ ਦੀ ਘੋਖ ਕੀਤੀ ਜਾਵੇਗੀ।
- ਸਿਵਲ ਸਰਜ਼ਨ ਨੇ ਦੱਸਿਆ ਕਿ ਪਰਸੋਂ ਜਿਲ੍ਹੇ ਚੋਂ ਭੇਜੇ 82 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ, ਜਦੋਂ ਕਿ 62 ਹੋਰ ਜਣਿਆਂ ਦੇ ਸੈਂਪਲ ਜਾਂਚ ਲਈ ਭੇਜ਼ੇ ਗਏ ਹਨ। ਉਨ੍ਹਾਂ ਕਿਹਾ ਕਿ ਹਾਲੇ ਤੱਕ ਜਿਲ੍ਹੇ ਅੰਦਰ ਕੋਈ ਕੋਰੋਨਾ ਪੌਜੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਅਤੇ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।