ਕੀ ਅਰਥ ਹੈ ਮੁਹਾਲੀ ਵਿਚ ਦਿੱਤੀ ਢਿੱਲ ਦਾ ? ਕਿਹੜੀ ਇੰਡਸਟਰੀ ਹੋਵੇਗੀ ਚਾਲੂ ਤੇ ਕਿਹੜੀ ਖੁਲ੍ਹੇਗੀ ਦੁਕਾਨ ?
ਮੁਹਾਲੀ, 1 ਮਈ, 2020 : ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਰਫਿਊ ਵਿਚ 1 ਮਈ ਤੋਂ ਚਾਰ ਘੰਟੇ ਲਈ ਛੋਟ ਦੇਣ ਦਾ ਐਲਾਨ ਕੀਤਾ ਹੈ। ਇਹ ਛੋਟ ਸਵੇਰੇ 7.00 ਵਜੇ ਤੋਂ 11.00 ਵਜੇ ਤੱਕ ਹੋਵੇਗੀ ਪਰ ਇਸ ਵਿਚ ਸ਼ਰਤਾਂ ਲਾਗੂ ਹੋਣਗੀਆਂ।
ਛੋਟ ਦੌਰਾਨ ਗਰੋਸਰੀ ਦੁਕਾਨਾਂ, ਮੈਡੀਕਲ ਸਟੋਰ, ਡੇਅਰੀ, ਸਬਜ਼ੀਆਂ ਤੇ ਫਲਾਂ ਅਤੇ ਮੀਟ ਦੀਆਂ ਦੁਕਾਨਾਂ ਖੋਲ੍ਹਣ ਦੀ ਛੋਟ ਹੋਵੇਗੀ। ਇਕ ਪਰਿਵਾਰ ਵਿਚੋਂ ਸਿਰਫ ਇਕ ਹੀ ਵਿਅਕਤੀ ਉਹ ਵੀ ਬਿਨਾਂ ਕਿਸੇ ਵਾਹਨ ਦੇ ਜਾ ਕੇ ਦੁਕਾਨਾਂ ਤੋਂ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਕਰ ਸਕੇਗਾ। ਇਹਨਾਂ ਚਾਰ ਘੰਟਿਆਂ ਦੀ ਛੋਟ ਦੌਰਾਨ ਇਸ ਖਰੀਦਦਾਰੀ ਲਈ ਕੋਈ ਕਰਫਿਊ ਪਾਸ ਲੋੜੀਂਦਾ ਨਹੀਂ ਹੋਵੇਗਾ। ਸਾਰੀ ਮਾਰਕੀਟ ਐਤਵਾਰ ਨੂੰ ਬੰਦ ਰਹੇਗੀ ਪਰ ਆਨਲਾਈਨ ਆਰਡਰ ਲਏ ਜਾ ਸਕਣਗੇ। ਦਿਹਾਤੀ ਤੇ ਸ਼ਹਿਰੀ ਖੇਤਰਾਂ ਵਿਚ ਦੁਕਾਨਦਾਰਾਂ ਸੋਸ਼ਲ ਡਿਸਟੈਂਸਿੰਗ ਅਤੇ ਵਰਕਰਾਂ ਵੱਲੋਂ ਮਾਸਕ ਪਾਉਣੇ ਯਕੀਨੀ ਬਣਾਉਣਗੇ। ਦੁਕਾਨਾਂ ਓਡ ਈਵਨ ਫਾਰਮੂਲੇ ਤਹਿਤ ਬਦਲਵੇਂ ਦਿਨ ਖੁਲ੍ਹਣਗੀਆਂ
ਡੇਰਾਬਸੀ ਦੇ ਜਵਾਹਰਪੁਰ ਤੇ ਨਯਗਾਓਂ ਜੋ ਕਿ ਹਾਟਸਪਾਟ ਐਲਾਨ ਗਏ ਹਨ ਵਿਚ ਦੁਕਾਨਾਂ ਖੋਲ੍ਹਣ ਦੀ ਛੋਟ ਨਹੀਂ ਹੋਵੇਗੀ। ਇਸੇ ਤਰ੍ਹਾਂ ਮਾਲ, ਮਲਟੀਪਲੈਕਸ, ਮਾਰਕੀਟ ਕੰਪਲੈਕਸ ਦੀਆਂ ਦੁਕਾਨਾਂ, ਜਿੰਮ, ਸੈਲੂਨ ਤੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਰੈਸਟੋਰੈਂਟ ਖੁੱਲ੍ਹ ਸਕਣਗੇ ਪਰ ਕੇਵਲ ਹੋਮ ਡਲੀਵਰੀ ਸੇਵਾਵਾਂ ਲਈ।
ਜਾਰੀ ਹੁਕਮਾਂ ਮੁਤਾਬਕ ਦਿਹਾਤੀ ਖੇਤਰਾਂ ਵਿਚ, ਸਾਰੇ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੇ ਬਾਹਰ ਸਥਿਤ ਇੰਡਸਟਰੀ ਖੁੱਲ੍ਹ ਸਕੇਗੀ। ਇੰਡਸਟਰੀ ਵਾਸਤੇ ਸ਼ਰਤ ਰੱਖੀ ਗਈ ਹੈ ਕਿ ਉਹ ਆਪਣੇ ਵਰਕਰਾਂ ਨੂੰ ਆਪਣੇ ਇੰਡਸਟਰੀ ਕੰਪਲੈਕਸ ਜਾਂ ਨੇੜਲੇ ਕੰਪਲੈਕਸ ਵਿਚ ਰੱਖਣਗੇ। ਇੰਡਸਟਰੀ ਮਾਲਕ ਵਰਕਰਾਂ ਦੀ ਆਵਾਜਾਈ ਦਾ ਵੀ ਪ੍ਰਬੰਧ ਆਪ ਕਰਨਗੇ ਤੇ ਅਜਿਹਾ ਕਰਦਿਆਂ ਸੋਸ਼ਲ ਡਿਸਟੈਂਸਿੰਗ ਯਕੀਨੀ ਬਣਾਉਣਗੇ।
ਇਸੇ ਤਰ੍ਹਾਂ ਕੰਸਟ੍ਰਕਸ਼ਨ ਦੇ ਕੰਮ ਦੀ ਦਿਹਾਤੀ ਖੇਤਰ ਵਿਚ ਛੋਟ ਹੋਵਗੀ ਪਰ ਸ਼ਹਿਰੀ ਖੇਤਰਾਂ ਵਿਚ ਸਿਰਫ ਪਹਿਲਾਂ ਅਧੂਰੇ ਪਏ ਜਾਂ ਚਲ ਰਹੇ ਪ੍ਰਾਜੈਕਟਾਂ ਲਈ ਹੀ ਕੰਮ ਕੀਤਾ ਜਾ ਸਕੇਗਾ। ਇਹ ਕੰਸਟ੍ਰਕਸ਼ਨ ਦਾ ਕੰਮ ਸਾਰੇ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗਾਂ 'ਤੇ ਕੀਤਾ ਜਾ ਸਕੇਗਾ।