ਹਰਦਮ ਮਾਨ
ਸਰੀ, 1 ਮਈ 2020 - ਆਪਣੀ ਰੋਜ਼ਾਨਾ ਬਰੀਫਿੰਗ ਦੌਰਾਨ, ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਬੀਸੀ ਵਿਚ ਕੋਵਿਡ-19 ਦੇ 25 ਹੋਰ ਕੇਸਾਂ ਅਤੇ ਦੋ ਹੋਰ ਮੌਤਾਂ ਦੀ ਪੁਸ਼ਟੀ ਕੀਤੀ ਹੈ ਜਿਸ ਨਾਲ ਸੂਬੇ ਵਿਚ ਇਸ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 2,112 ਹੋ ਗਈ ਹੈ, ਜਿਨ੍ਹਾਂ ਵਿਚੋਂ 1,322 ਲੋਕ ਇਸ ਬਿਮਾਰੀ ਤੋਂ ਠੀਕ ਹੋਏ ਹਨ ਅਤੇ 111 ਮੌਤਾਂ ਹੋ ਚੁੱਕੀਆਂ ਹਨ। ਇਸ ਸਮੇਂ ਹਸਪਤਾਲਾਂ ਵਿਚ 82 ਕੋਵਿਡ -19 ਮਰੀਜ਼ ਦਾਖ਼ਲ ਹਨ, ਜਿਨ੍ਹਾਂ ਵਿੱਚੋਂ 30 ਮਰੀਜ਼ ਆਈਸੀਯੂ ਵਿਚ ਨਿਗਰਾਨੀ ਹੇਠ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਵਿਚ ਬਹੁਤ ਸਾਰੇ ਨਵੇਂ ਕੇਸ ਲੋਅਰ ਮੇਨਲੈਂਡ ਵਿਚ ਪੋਲਟਰੀ ਪ੍ਰੋਸੈਸਿੰਗ ਪਲਾਂਟਾਂ ਵਿਚ ਆਏ ਹਨ। ਕੋਕੁਇਟਟਲਮ ਵਿੱਚ ਸੁਪੀਰੀਅਰ ਪੋਲਟਰੀ ਪ੍ਰੋਸੈਸਰਾਂ ਨਾਲ ਹੁਣ 50 ਮਾਮਲੇ ਅਤੇ ਵੈਨਕੂਵਰ ਵਿੱਚ ਯੂਨਾਈਟਿਡ ਪੋਲਟਰੀ ਨਾਲ 42 ਕੇਸ ਜੁੜੇ ਹੋਏ ਹਨ।
ਡਾ. ਹੈਨਰੀ ਨੇ ਕਿਹਾ ਕਿ ਪਿਛਲੇ 100 ਦਿਨਾਂ ਵਿਚ ਸਾਡੀ ਜ਼ਿੰਦਗੀ, ਕਾਰੋਬਾਰ ਅਤੇ ਕਮਿਊਨਿਟੀ ਬਹੁਤ ਹੀ ਨਾਟਕੀ ਢੰਗ ਨਾਲ ਬਦਲ ਗਏ ਹਨ ਪਰ ਇਕ ਗੱਲ ਜ਼ਰੂਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਅਟੁੱਟ ਵਚਨਬੱਧਤਾ ਬਰਕਰਾਰ ਰਹੀ ਹੈ।
ਉਨ੍ਹਾਂ ਅਗਲੇ ਦਿਨਾਂ ਦੌਰਾਨ ਕੁਝ ਪਾਬੰਦੀਆਂ ਹਟਣ ਦੀ ਉਮੀਦ ਜ਼ਾਹਰ ਕੀਤੀ ਅਤੇ ਕਿਹਾ ਕਿ ਅਗਲੇ ਪੜਾਅ ਵਿਚ ਇਹ ਵੇਖਣਾ ਹੋਵੇਗਾ ਕਿ ਲੋਕ ਆਪਣੇ ਸਮਾਜਿਕ ਮੇਲਜੋਲ ਨੂੰ ਕਿਵੇਂ ਵਧਾ ਸਕਦੇ ਹਨ? ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਗਰਮੀ ਲਈ ਵੱਡੇ ਇਕੱਠ ਕਰਨ ਅਤੇ ਇਨਡੋਰ ਪਾਰਟੀਆਂ ਕਰਨ ਬਾਰੇ ਤਾਂ ਨਾ ਹੀ ਸੋਚਿਆ ਜਾਵੇ, ਖਾਸ ਤੌਰ 'ਤੇ ਕੈਸੀਨੋ ਨੂੰ ਛੇਤੀ ਖੋਲ੍ਹਣ ਦੀ ਕੋਈ ਉਮੀਦ ਨਹੀਂ ਕਰਨੀ ਚਾਹੀਦੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com