ਜਸਪਾਲ ਨਿੱਝਰ
ਚੰਡੀਗੜ੍ਹ, 1 ਮਈ 2020: ਪੂਰਬੀ ਅਫ਼ਰੀਕਾ ਦੇ ਦੇਸ਼ ਕੀਨੀਆ ਤੋਂ ਇੱਕ ਬਹੁਤ ਹੀ ਭਿਆਨਕ ਖ਼ਬਰ ਸਾਹਮਣੇ ਆ ਰਹੀ ਹੈ। ਇਹ ਖ਼ਬਰ ਹੀ ਇਸ ਤਰ੍ਹਾਂ ਦੀ ਹੈ ਕਿ ਪੱਥਰ ਦਿਲ ਇਨਸਾਨ ਨੂੰ ਤਾਂ ਛੱਡੋ ਖ਼ੁਦ ਪੱਥਰ ਵੀ ਰੋਣ ਲੱਗ ਪਵੇ। ਕੋਰੋਨਾ ਵਾਇਰਸ ਕਾਰਨ ਭੁੱਖਮਰੀ ਵਰਗੇ ਹਾਲਾਤ ਪੈਦਾ ਹੋ ਰਹੇ ਹਨ, ਇਸ ਭਿਆਨਕ ਹਲਾਤ ਦਾ ਕੀਨੀਆ ਦੀ ਇੱਕ ਵਿਧਵਾ ਔਰਤ ਹੀ ਸ਼ਿਕਾਰ ਹੋ ਗਈ, ਜਿਸ ਦਾ ਨਾਮ ਪੇਨਿਨਾਹ ਕਿਟਸਾਓ ਹੈ। ਕੀਨੀਆ ਦੇ ਇੱਕ ਅਖ਼ਬਾਰ ਡੇਲੀ ਨੇਸ਼ਨ ਦੇ ਮੁਤਾਬਿਕ ਇਸ ਵਿਧਵਾ ਔਰਤ ਨੇ ਭੁੱਖ ਨਾਲ਼ ਰੋ ਰਹੇ ਬੱਚਿਆਂ ਨੂੰ ਤਸੱਲੀ ਦੇਣ ਲਈ ਪੱਥਰ ਉਬਾਲਨਾ ਸ਼ੁਰੂ ਕਰ ਦਿੱਤਾ ਤਾਂ ਕਿ ਬੱਚੇ ਰੋਟੀ ਦਾ ਇੰਤਜ਼ਾਰ ਕਰਦੇ ਕਰਦੇ ਸੌਂ ਜਾਣ। ਪੇਨਿਨਾਹ ਕਿਟਸਾਓ ਦਾ ਕਹਿਣਾ ਹੈ ਕਿ ਉਸ ਦੇ ਕੋਲ਼ ਕੁੱਝ ਵੀ ਨਹੀਂ ਸੀ ਪਕਾਉਣ ਲਈ ਇਸ ਲਈ ਉਸ ਨੇ ਪੱਥਰ ਨੂੰ ਉਬਾਲਨ ਦਾ ਫ਼ੈਸਲਾ ਕੀਤਾ ਤਾਂ ਕਿ ਉਸ ਦੇ ਬੱਚੇ ਇਸ ਭੁਲੇਖੇ ਵਿੱਚ ਇੰਤਜ਼ਾਰ ਕਰਦੇ ਕਰਦੇ ਭੁੱਖੇ ਢਿੱਡ ਸੌਂ ਜਾਣ ਕਿ ਉਨ੍ਹਾਂ ਦੀ ਮਾਂ ਖਾਣਾ ਬਣਾ ਰਹੀ ਹੈ।
ਡੇਲੀ ਨੇਸ਼ਨ ਦੇ ਮੁਤਾਬਿਕ ਇਹ ਔਰਤ ਕਿਸਾਉਨੀ, ਮੁੰਬਾਸਾ ਦੀ ਰਹਿਣ ਵਾਲੀ ਹੈ ਅਤੇ ਇਸ ਦੇ ਅੱਠ ਬੱਚੇ ਹਨ। ਇਸ ਦੁਖਿਆਰੀ ਔਰਤ ਦੇ ਪਤੀ ਨੂੰ ਕੁਝ ਮਹੀਨੇ ਪਹਿਲਾਂ ਇੱਕ ਕ੍ਰਿਮੀਨਲ ਗੈਂਗ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਲੋਕਾਂ ਦੇ ਕੱਪੜੇ ਧੋ ਕੇ ਗੁਜ਼ਾਰਾ ਕਰਨ ਵਾਲ਼ੀ ਇਹ ਬੇ-ਵੱਸ ਔਰਤ, ਕੋਰੋਨਾ ਦੇ ਪੈਰਾਂ ਹੇਠ ਲਤਾੜੀ ਜਾ ਰਹੀ ਹੈ ਕਿਉਂਕਿ ਬਿਮਾਰੀ ਦੇ ਡਰ ਤੋਂ ਲੋਕ ਸਮਾਜਿਕ ਦੂਰੀ ਬਣਾ ਰਹੇ ਹਨ ਜਿਸ ਕਰਕੇ ਇਹ ਪੂਰੀ ਤਰ੍ਹਾਂ ਬੇਰੁਜ਼ਗਾਰ ਹੋ ਗਈ ਹੈ।
ਸ਼ੁਕਰ ਦੀ ਗੱਲ ਇਹ ਹੈ ਇੱਕ ਗਵਾਂਢੀ ਔਰਤ ਵੱਲੋਂ, ਦਰਦ ਭਰੇ ਇਸ ਹਾਲਾਤ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ। ਜਿਸ ਤੋਂ ਬਾਅਦ ਦਾਨੀ ਸੱਜਣਾਂ ਦਾ ਧਿਆਨ ਖਿੱਚਿਆ ਗਿਆ ਤੇ ਮੀਡੀਆ ਨੇ ਵੀ ਚੰਗਾ ਰੋਲ ਅਦਾ ਕੀਤਾ। ਜਿਸ ਨਾਲ ਇਸ ਦੁਖਿਆਰੀ ਮਾਂ ਦੇ ਕੋਲ ਮਦਦ ਪਹੁੰਚਣੀ ਸ਼ੁਰੂ ਹੋ ਗਈ।
ਮਾਂ ਦੀ ਮਮਤਾ ਦੀ ਸ਼ਾਇਦ ਇਹ ਨਵੀਂ ਤੇ ਪਵਿੱਤਰ ਮਿਸਾਲ ਹੈ ਕਿ ਮਾਂ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਆਖ਼ਰੀ ਹੀਲਾ ਤੇ ਆਖ਼ਰੀ ਸਾਹ ਵੀ ਦਾਅ 'ਤੇ ਲਾ ਸਕਦੀ ਹੈ।